ਚੰਡੀਗੜ੍ਹ 21 ਜਨਵਰੀ 2025:
ਰਾਜ ਚੋਣ ਕਮਿਸ਼ਨ ਨੇ ਮਿਤੀ 20.01.2024 ਨੂੰ ਤਰਨ ਤਾਰਨ (ਜ਼ਿਲ੍ਹਾ ਤਰਨ ਤਾਰਨ), ਡੇਰਾ ਬਾਬਾ ਨਾਨਕ (ਜ਼ਿਲ੍ਹਾ ਗੁਰਦਾਸਪੁਰ) ਅਤੇ ਤਲਵਾੜਾ (ਜ਼ਿਲ੍ਹਾ ਹੁਸ਼ਿਆਰਪੁਰ) ਦੀਆਂ ਨਗਰ ਕੌਂਸਲਾਂ ਦੀਆਂ ਆਮ ਚੋਣਾਂ ਲਈ ਵੋਟਰ ਸੂਚੀਆਂ ਤਿਆਰ ਕਰਨ ਦਾ ਸ਼ਡਿਊਲ ਜਾਰੀ ਕੀਤਾ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਸਬੰਧਤ ਈ.ਆਰ.ਓ. ਵੱਲੋਂ 20.01.2025 ਤੋਂ 24.01.2025 (ਯੋਗਤਾ ਮਿਤੀ 1.1.2025) ਤੱਕ ਵੋਟਰ ਸੂਚੀ ਦਾ ਖਰੜਾ ਤਿਆਰ ਕੀਤਾ ਜਾਵੇਗਾ ਅਤੇ ਇਹ ਖਰੜਾ 25.01.2025 ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਵਿੱਚ ਜੇਕਰ ਕੋਈ ਦਾਅਵੇ ਅਤੇ ਇਤਰਾਜ਼ ਹਨ, ਤਾਂ ਉਹਨਾਂ ਨੂੰ 27.01.2025 ਤੋਂ 3.02.2025 ਤੱਕ ਦਿੱਤਾ ਜਾ ਸਕੇਗਾ। ਇਹਨਾਂ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 11.02.2025 ਤੱਕ ਕੀਤਾ ਜਾਵੇਗਾ ਅਤੇ ਅੰਤਿਮ ਵੋਟਰ ਸੂਚੀਆਂ 14.02.2025 ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।
ਉਨ੍ਹਾਂ ਅੱਗੇ ਦੱਸਿਆ ਕਿ ਤਰਨਤਾਰਨ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ 25.01.2025 ਨੂੰ ਵੋਟਰ ਸੂਚੀਆਂ ਦਾ ਖਰੜਾ ਪ੍ਰਕਾਸ਼ਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਯੋਗ ਵਿਅਕਤੀ ਵੋਟਰ ਸੂਚੀਆਂ ਵਿੱਚ ਆਪਣੇ ਨਾਮ ਸ਼ਾਮਲ ਕਰਨ ਲਈ ਅਰਜ਼ੀ ਦੇ ਸਕਦੇ ਹਨ ਅਤੇ ਉਕਤ ਸ਼ਡਿਊਲ ਅਨੁਸਾਰ ਆਪਣੇ ਦਾਅਵੇ ਅਤੇ ਇਤਰਾਜ਼ ਵੀ ਦਾਇਰ ਕਰ ਸਕਦੇ ਹਨ। ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਈ.ਆਰ.ਓ. (ਐਸ.ਡੀ.ਐਮ.) ਦੁਆਰਾ 14.02.2025 ਨੂੰ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਉਕਤ ਨਗਰ ਪਾਲਿਕਾਵਾਂ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਸਾਰੇ ਇੱਛੁਕ ਅਤੇ ਯੋਗ ਵਿਅਕਤੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਦਾਅਵਿਆਂ ਅਤੇ ਇਤਰਾਜ਼ਾਂ ਦੀ ਮਿਆਦ ਦੌਰਾਨ ਸਬੰਧਤ ਨਗਰ ਪਾਲਿਕਾ ਦੀਆਂ ਵੋਟਰ ਸੂਚੀਆਂ ਵਿੱਚ ਆਪੋ-ਆਪਣੇ ਨੂੰ ਦਰਜ ਕਰਵਾਉਣ, ਤਾਂ ਜੋ ਉਹ ਉਕਤ ਤਿੰਨੋਂ ਨਗਰ ਪਾਲਿਕਾਵਾਂ ਦੀਆਂ ਆਮ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ।