ਮੋਗਾ 28 ਜੂਨ:
ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਗਰ ਸੁਧਾਰ ਟਰੱਸਟ ਮੋਗਾ ਦੀ ਜਾਇਦਾਦ ਵਿੱਚ ਕਾਨੂੰਨੀ ਤਰੀਕੇ ਨਾਲ ਵਾਧਾ ਕੀਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਦੀ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਹੋ ਸਕੇ।
ਜਾਣਕਾਰੀ ਦਿੰਦਿਆ ਨਗਰ ਸੁਧਾਰ ਟਰੱਸਟ ਮੋਗਾ ਦੇ ਚੇਅਰਮੈਨ ਦੀਪਕ ਅਰੋੜਾ ਨੇ ਦੱਸਿਆ ਕਿ ਟਰੱਸਟ ਵੱਲੋਂ ਅੱਜ ਸਕੀਮ ਨੰ:1 (ਸ਼ਹੀਦ ਭਗਤ ਸਿੰਘ ਮਾਰਕੀਟ) ਵਿੱਚ ਬੂਥ ਨੰਬਰ 3 ਵਿੱਚ ਕਿਰਾਏਦਾਰ ਵੱਲੋ ਕੀਤੇ ਨਜਾਇਜ਼ ਕਬਜ਼ੇ ਨੂੰ ਕੋਰਟ ਦੇ ਹੁਕਮਾਂ ਅਨੁਸਾਰ ਪ੍ਰਾਪਤ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾ ਵੀ ਟਰੱਸਟ ਵੱਲੋਂ ਦੋ ਨਜਾਇਜ਼ ਕਬਜ਼ੇ ਛੁਡਵਾਏ ਗਏ ਹਨ, ਜਿਸ ਨਾਲ ਟਰੱਸਟ ਦੀ ਜਾਇਦਾਦ ਵਿੱਚ ਵਾਧਾ ਕੀਤਾ ਹੋਇਆ ਹੈ।
ਚੇਅਰਮੈਨ ਨੇ ਬਾਕੀ ਕਬਜ਼ਾ ਧਾਰਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਿਹੜੇ ਕਬਜ਼ਾ ਧਾਰਕ ਉਲਝਾ ਕੇ ਜਾਂ ਨਜਾਇਜ ਕੇਸ ਬਣਾਕੇ ਟਰੱਸਟ ਅਤੇ ਮਾਣਯੋਗ ਅਦਾਲਤ ਦਾ ਸਮਾਂ ਖਰਾਬ ਕਰ ਰਹੇ ਹਨ ਉਹ ਬਾਜ਼ ਆ ਜਾਣ, ਕਿਉਂਕੀ ਹੁਣ ਪੰਜਾਬ ਵਿੱਚ ਇੱਕ ਇਮਾਨਦਾਰ ਸਰਕਾਰ ਹੈ ਜੋ ਇੱਕ ਮਿਸ਼ਨ ਤੇ ਹੈ ਨਾ ਕਿ ਕਮਿਸ਼ਨ ਤੇ।
ਉਹਨਾਂ ਕਿਹਾ ਕਿ ਸ੍ਰ ਭਗਵੰਤ ਸਿੰਘ ਮਾਨ ਦੀ ਆਮ ਤੇ ਮਿਹਨਤੀ ਲੋਕਾਂ ਪ੍ਰਤੀ ਸੁਚੱਜੀ ਸੋਚ ਸਦਕਾ ਅੱਜ ਉਹਨਾਂ ਵਰਗੇ ਆਮ ਵਰਕਰਾਂ ਨੂੰ ਚੇਅਰਮੈਨੀ ਦੇ ਅਹੁਦੇ ਨਿਵਾਜੇ ਗਏ ਹਨ, ਇਸ ਲਈ ਉਹ ਇਸ ਅਹੁਦੇ ਉੱਪਰ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ।
ਇਸ ਮੌਕੇ ਟਰੱਸਟ ਦੇ ਸਹਾਇਕ ਇੰਜੀਨੀਅਰ ਅੰਕਿਤ ਨਾਰੰਗ ਅਤੇ ਹੋਰ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।