ਕੋਟਕਪੂਰਾ 19 ਫ਼ਰਵਰੀ,2024
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕਿਹਾ ਕਿ ਲੋਕਾਂ ਦਾ ਪੈਸਾ ਲੋਕਾਂ ਦੇ ਕੰਮਾਂ ਤੇ ਲਗਾਉਣ ਦਾ ਸਿਲਸਿਲਾ ਬਾਦਸਤੂਰ ਜਾਰੀ ਰਹੇਗਾ। ਦੁਆਰੇਆਣਾ ਰੋਡ ਵਿਖੇ ਇੱਕ ਨਕਾਰਾ ਹੋ ਚੁੱਕੀ ਪਾਈਪ ਲਾਈਨ ਦੀ ਜਗ੍ਹਾ ਨਵੀਂ ਪਾਈਪ ਲਾਈਨ ਵਿਛਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਉਪਰੰਤ ਸਪੀਕਰ ਸੰਧਵਾਂ ਨੇ ਕਿਹਾ ਕਿ ਇਹ ਕੰਮ 60 ਦਿਨਾਂ ਵਿੱਚ ਮੁਕੰਮਲ ਕਰਵਾ ਲਿਆ ਜਾਵੇਗਾ।
ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਤਕਰੀਬਨ ਡੇਢ ਕਿਲੋਮੀਟਰ ਲੰਮੀ ਪਾਈਪ ਦੇ ਖਰਾਬ ਹੋਣ ਕਾਰਨ ਲੋਕਾਂ ਨੂੰ ਦੂਸ਼ਿਤ ਪਾਣੀ ਪ੍ਰਾਪਤ ਹੋ ਰਿਹਾ ਸੀ, ਜਿਸ ਤੇ ਕਾਰਵਾਈ ਕਰਦਿਆਂ ਪੰਜਾਬ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਧਨ ਰਾਸ਼ੀ ਮੁਹਈਆ ਕਰਵਾਈ ਗਈ ਤਾਂ ਜੋ ਲੋਕਾਂ ਤੱਕ ਸਾਫ ਪਾਣੀ ਪਹੁੰਚਾਇਆ ਜਾ ਸਕੇ।
ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸਵਾ ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜਿਸ ਵਿੱਚੋਂ 71.74 ਲੱਖ ਪਾਈਪ ਲਾਈਨ ਤੇ ਖਰਚ ਕੀਤੇ ਗਏ ਹਨ ਤੇ ਬਾਕੀ ਦੇ ਸੜਕ ਬਣਾਉਣ ਦੇ ਕੰਮ ਤੇ ਲਗਾਏ ਜਾਣਗੇ। ਉਹਨਾਂ ਕਿਹਾ ਕਿ ਇਸ ਪਾਈਪ ਲਾਈਨ ਨਾਲ ਦੁਆਰੇਆਣਾ ਰੋਡ ਦੇ ਨਾਲ ਆਸ-ਪਾਸ ਦੇ ਵਸਨੀਕਾਂ ਨੂੰ ਵੀ ਲਾਭ ਪੁੱਜੇਗਾ।
ਇਸ ਮੌਕੇ ਐਕਸੀਅਨ ਸ਼ਮਿੰਦਰ ਸਿੰਘ, ਐਸ.ਡੀ.ਓ ਲਵਕੇਸ਼ ਕੁਮਾਰ,ਅਮਨਦੀਪ ਸਿੰਘ ਸੰਧੂ ਪੀ.ਏ ਟੂ. ਸਪੀਕਰ, ਗੁਰਨਾਮ ਸਿੰਘ ਸੰਧੂ, ਗੁਰਜੰਟ ਸਿੰਘ ਸੰਧੂ, ਦੀਪਕ ਮੌਂਗਾ, ਸੁਖਜਿੰਦਰ ਸਿੰਘ, ਮਨਦੀਪ ਮੌਂਗਾ, ਸੁਖਰਾਜ ਸਿੰਘ, ਮਨਜਿੰਦਰ ਸਿੰਘ, ਸੁਤੰਤਰ ਜੋਸ਼ੀ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।