ਨਸ਼ਾ ਮੁਕਤੀ ਯਾਤਰਾ ਰਾਹੀਂ 15,000 ਤੋਂ ਵੱਧ ਪਿੰਡਾਂ ਤੇ ਵਾਰਡਾਂ ਤੱਕ ਲੋਕ ਸੰਪਰਕ ਤੇ ਜਨ ਜਾਗਰੂਕਤਾ ਦਾ ਸੁਨੇਹਾ ਪਹੁੰਚਾਇਆ ਜਾਵੇਗਾ : ਮੋਹਿੰਦਰ ਭਗਤ

Politics Punjab

ਜਲੰਧਰ, 17 ਮਈ : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਨਸ਼ਿਆਂ ਖਿਲਾਫ ਸ਼ੁਰੂ ਕੀਤੀ ‘ਨਸ਼ਾ ਮੁਕਤੀ ਯਾਤਰਾ’ ਸੂਬੇ ਅਤੇ ਖ਼ਾਸ ਕਰ  ਪਿੰਡਾਂ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਦੀ ਤਾਜ਼ਾ ਉਦਾਹਰਣ ਫਿਲੌਰ ਦੇ ਇਕ ਪਿੰਡ ਤੋਂ ਮਿਲਦੀ ਹੈ, ਜਿੱਥੇ ਨਸ਼ਾ ਕਰਨ ਵਾਲੇ ਨੌਜਵਾਨ ਹੁਣ ਇਸ ਯਾਤਰਾ ਵਿੱਚ ਭਾਗ ਲੈ ਰਹੇ ਹਨ ਅਤੇ ਹੋਰ ਨੌਜਵਾਨਾਂ ਨੂੰ ਨਸ਼ੇ ਦੇ ਨੁਕਸਾਨਾਂ ਬਾਰੇ ਜਾਗਰੂਕ ਕਰ ਰਹੇ ਹਨ।

ਸ਼੍ਰੀ ਭਗਤ ਜੀ ਨੇ ਦੱਸਿਆ ਕਿ ਨਸ਼ਾ ਮੁਕਤੀ ਯਾਤਰਾ ਰਾਹੀਂ 15,000 ਤੋਂ ਵੱਧ ਪਿੰਡਾਂ ਅਤੇ ਵਾਰਡਾਂ ਤੱਕ ਲੋਕ ਸੰਪਰਕ ਅਤੇ ਜਨ ਜਾਗਰੂਕਤਾ ਦਾ ਸੁਨੇਹਾ ਪਹੁੰਚਾਇਆ ਜਾਵੇਗਾ।

ਇਸ ਮਹਾ ਜਨ ਸੰਪਰਕ ਅਭਿਆਨ ਤਹਿਤ ਹਰ ਰੋਜ਼ ਲਗਭਗ 351 ਪਿੰਡਾਂ ਵਿੱਚ ਗ੍ਰਾਮ ਸਭਾਵਾਂ ਹੋਣਗੀਆਂ। ਹਰ ਵਿਧਾਨ ਸਭਾ ਹਲਕੇ ਵਿੱਚ ਤਿੰਨ ਪਿੰਡ ਚੁਣੇ ਗਏ ਹਨ, ਜਿੱਥੇ ਲੋਕ ਭਾਗੀਦਾਰੀ ਰਾਹੀਂ ਇਹ ਮੁਹਿੰਮ ਹੋਰ ਮਜ਼ਬੂਤ ਹੋਵੇਗੀ।

ਉਨ੍ਹਾਂ ਦੱਸਿਆ ਕਿ ਹੁਣ ਤੱਕ 86 ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ‘ਤੇ ਬੁਲਡੋਜ਼ਰ ਚਲਾਇਆ ਗਿਆ ਹੈ ਅਤੇ 75 ਤਸਕਰਾਂ ਨੂੰ ਐਨਕਾਊਂਟਰ ਰਾਹੀਂ ਕਾਬੂ ਗਿਆ ਹੈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਨਸ਼ੇ ਤਸਕਰਾਂ ਖਿਲਾਫ਼ ਪੰਜਾਬ ਸਰਕਾਰ ਦੀ ਨੀਅਤ ਬਿਲਕੁਲ ਸਪਸ਼ਟ ਹੈ – ਜਾਂ ਤਾਂ ਉਹ ਨਸ਼ਾ ਵੇਚਣਾ ਛਡ ਦੇਣ ਜਾਂ ਪੰਜਾਬ ਛੱਡ ਦੇਣ।

ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਵਿਅਕਤੀਆਂ ਨੂੰ ਵੀ ਸਨਮਾਨਿਤ ਕਰ ਰਹੀ ਹੈ, ਜਿਨ੍ਹਾਂ ਖੁਦ ਨਸ਼ਿਆਂ ਨਾਲ ਲੜਾਈ ਲੜੀ ਅਤੇ ਇਸ ਅਲਾਮਤ ਦੀ ਗ੍ਰਿਫ਼ਤ ‘ਚੋਂ ਬਾਹਰ ਨਿਕਲੇ।

ਉਨ੍ਹਾਂ ਕਿਹਾ ਕਿ ਸਮਾਜ ਨੂੰ ਚਾਹੀਦਾ ਹੈ ਕਿ ਅਜਿਹੇ ਵਿਅਕਤੀਆਂ ਦਾ ਸਾਥ ਦਿੰਦਿਆਂ ਉਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਦੇਵੇ, ਜਿਸ ਨਾਲ ਇਹ ਲੜਾਈ ਜਿੱਤੀ ਜਾ ਸਕਦੀ ਹੈ।

ਸ਼੍ਰੀ ਭਗਤ ਨੇ ਕਿਹਾ ਕਿ ਇਹ ਨਸ਼ਾ ਮੁਕਤੀ ਯਾਤਰਾ ਕੋਈ ਰਾਜਨੀਤਿਕ ਯਾਤਰਾ ਨਹੀਂ, ਇਹ ਇਕ ਸਮਾਜਿਕ ਸੰਕਲਪ ਹੈ। ਉਨ੍ਹਾਂ ਹਰ ਵਰਗ, ਹਰ ਪੰਚਾਇਤ, ਹਰ ਨੌਜਵਾਨ, ਹਰ ਮਾਤਾ-ਪਿਤਾ ਨੂੰ ਇਸ ਅੰਦੋਲਨ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਲੜਾਈ ਸਾਡੀ ਸਾਂਝੀ ਲੜਾਈ ਹੈ।

Leave a Reply

Your email address will not be published. Required fields are marked *