ਚੰਡੀਗੜ੍ਹ, 15 ਜੁਲਾਈ: ਪੰਜਾਬ ਕਲਾ ਪਰਿਸ਼ਦ ਵੱਲੋਂ ਪਦਮ ਸ੍ਰੀ ਡਾ. ਰਤਨ ਸਿੰਘ ਜੱਗੀ ਮੈਮੋਰੀਅਲ ਚੈਰਿਟੇਬਲ ਫਾਉਂਡੇਸ਼ਨ ਦੇ ਸਹਿਯੋਗ ਨਾਲ ਪਹਿਲਾ ਯਾਦਗਾਰੀ ‘ਗੁਰਮਤਿ ਰਤਨ’ ਐਵਾਰਡ ਸਰਦਾਰ ਤਰਲੋਚਨ ਸਿੰਘ ਸਾਬਕਾ ਐਮ ਪੀ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੂੰ 51000/- ਰੁਪਏ, ਦੁਸ਼ਾਲਾ ਤੇ ਯਾਦਗਾਰੀ ਚਿੰਨ ਪ੍ਰਦਾਨ ਕੀਤਾ ਜਾਵੇਗਾ । ਇਨਾਮ ਸਬੰਧੀ ਜਿਊਰੀ ਮੈਂਬਰ ਡਾ. ਬਲਕਾਰ ਸਿੰਘ, ਡਾ ਨਿਵੇਦਤਾ ਸਿੰਘ, ਡਾ. ਆਤਮ ਰੰਧਾਵਾ ਅਤੇ ਸ੍ਰੀ ਮਲਵਿੰਦਰ ਸਿੰਘ ਜੱਗੀ ਸਨ। ਸਰਦਾਰ ਤਰਲੋਚਨ ਸਿੰਘ ਸਾਬਕਾ ਐਮ ਪੀ ਜਿਨ੍ਹਾਂ ਨੇ ਹਰ ਮੰਚ ਉੱਤੇ ਗੁਰਮਤਿ ਸਿਧਾਂਤ ਲੋਕਾਂ ਤੱਕ ਪਹੁੰਚਾਉਣ ਲਈ ਅਤੇ ਸਾਰੀ ਦੁਨੀਆਂ ਵਿਚ ਗੁਰਮਤਿ ਸਿਧਾਂਤ ਦਾ ਸੁਨੇਹਾ ਪਹੁੰਚਾਉਣ ਲਈ ਉਨ੍ਹਾਂ ਨੇ ਵੱਡੀ ਭੂਮਿਕਾ ਨਿਭਾਈ ਹੈ। ਪੰਜਾਬ ਕਲਾ ਪਰਿਸ਼ਦ ਦੇ ਓਪਨ ਏਅਰ ਥੀਏਟਰ ਦਾ ਰੈਨੋਵੇਸ਼ਨ ਦਾ ਕੰਮ ਵੀ ਇਸ ਟਰਸਟ ਵੱਲੋਂ ਡਾ. ਰਤਨ ਸਿੰਘ ਜੱਗੀ ਦੇ ਬੇਟੇ ਮਲਵਿੰਦਰ ਸਿੰਘ ਜੱਗੀ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਐਵਾਰਡ ਹਰ ਸਾਲ ਗੁਰਮਤਿ ਸਿਧਾਂਤ ਦੇ ਖੇਤਰ ਵਿਚ ਕਿਸੇ ਉੱਘੀ ਸ਼ਖਸੀਅਤ ਨੂੰ ਦਿੱਤਾ ਜਾਇਆ ਕਰੇਗਾ।
ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਇੱਕ ਉੱਘੇ ਸਿੱਖ ਆਗੂ, ਸਮਾਜ ਸੇਵੀ ਅਤੇ ਸਿੱਖਿਆ ਪ੍ਰੇਮੀ ਹਨ। ਉਹ 2004 ਤੋਂ 2010 ਤੱਕ ਰਾਜ ਸਭਾ ਦੇ ਮੈਂਬਰ ਰਹੇ। ਇਸ ਤੋਂ ਪਹਿਲਾਂ ਉਹ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਸਨ।ਉਹ ਨਿਰੰਤਰ ਸਿੱਖ ਮਾਮਲਿਆਂ ਉੱਤੇ ਪਾਰਲੀਮੈਂਟ ਸਮੇਤ ਹਰ ਮੰਚ ਉੱਤੇ ਉਠਾਉਣ ਲਈ ਜਾਣੇ ਜਾਂਦੇ ਹਨ।ਉਨ੍ਹਾਂ ਨੇ ਘੱਟ ਗਿਣਤੀਆਂ ਦੇ ਹੱਕਾਂ ਦੀ ਰੱਖਿਆ, ਧਾਰਮਿਕ ਸਦਭਾਵਨਾ ਅਤੇ ਸਮਾਜਿਕ ਨਿਆਂ ਲਈ ਮਹੱਤਵਪੂਰਨ ਯੋਗਦਾਨ ਪਾਇਆ। ਸਿੱਖ ਵਿਰਾਸਤ, ਸਿੱਖਿਆ ਅਤੇ ਰਾਸ਼ਟਰੀ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਵੇਗਾ। ਸਾਦਗੀ, ਇਮਾਨਦਾਰੀ ਅਤੇ ਲੋਕ ਸੇਵਾ ਪ੍ਰਤੀ ਸਮਰਪਣ ਕਾਰਨ ਤਰਲੋਚਨ ਸਿੰਘ ਨੂੰ ਦੇਸ਼ ਭਰ ਵਿੱਚ ਇੱਕ ਸਨਮਾਨਿਤ ਸਖਸ਼ੀਅਤ ਵਜੋਂ ਜਾਣਿਆ ਜਾਂਦਾ ਹੈ।
ਪ੍ਰਸਿੱਧ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਦਾ ਨਾਮ ਪੰਜਾਬੀ-ਹਿੰਦੀ ਅਤੇ ਗੁਰਮਤਿ ਤੇ ਭਗਤੀ ਲਹਿਰ ਸਾਹਿਤ ਦੇ ਉੱਘੇ ਵਿਦਵਾਨਾਂ/ਮਾਹਿਰਾਂ ਵਿੱਚ ਸ਼ੁਮਾਰ ਹੈ। ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਮੱਧਕਾਲੀਨ ਸਾਹਿਤ ਦਾ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਅਧਿਐਨ ਕਰਨ ਅਤੇ ਸਿੱਖ ਗੁਰੂ ਸਾਹਿਬਾਨਾਂ ਦੀ ਬਾਣੀ ਅਤੇ ਭਗਤ ਲਹਿਰ ਸੰਬੰਧੀ ਵੱਖ ਵੱਖ ਪਹਿਲੂਆਂ ਦੀ ਖੋਜ ਕਰਨ ਲਈ ਸਮਰਪਿਤ ਕਰਕੇ ਭਰਪੂਰ ਯੋਗਦਾਨ ਪਾਇਆ। ਉਨ੍ਹਾਂ ਦੇ ਪ੍ਰਮੁੱਖ ਕੰਮਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਸ਼ਮ ਗ੍ਰੰਥ ਸਾਹਿਬ ਦਾ ਹਿੰਦੀ ਅਤੇ ਪੰਜਾਬੀ ਵਿੱਚ ਸੰਪੂਰਨ ਟੀਕਾ, ਗੁਰੂ ਨਾਨਕ ਬਾਣੀ ਦੀ ਵਿਆਖਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵਕੋਸ਼, ਸਿੱਖ ਪੰਥ ਵਿਸ਼ਵਕੋਸ਼, ਤੁਲਸੀ ਰਮਾਇਣ ਦਾ ਪੰਜਾਬੀ ਵਿੱਚ ਲਿਪੀਅੰਤਰਨ ਅਤੇ ਅਨੁਵਾਦ, ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ ਸਮੇਤ 150 ਦੇ ਕਰੀਬ ਲਿਖੀਆਂ ਕਿਤਾਬਾਂ ਸ਼ਾਮਲ ਹਨ । ਸਾਲ 2023 ਵਿੱਚ ਭਾਰਤ ਦੇ ਰਾਸ਼ਟਰਪਤੀ ਵਲੋਂ ਉਨ੍ਹਾਂ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਨਿਭਾਈਆਂ ਸੇਵਾਵਾਂ ਬਦਲੇ ‘ਪਦਮ ਸ੍ਰੀ ਸਨਮਾਨ ਨਾਲ ਨਿਵਾਜਿਆ ਗਿਆ। ਉਨ੍ਹਾਂ ਨੂੰ ਸਾਹਿਤ ਅਕਾਦਮੀ ਦਿੱਲੀ ਦਾ ਰਾਸ਼ਟਰੀ ਪੁਰਸਕਾਰ ਅਤੇ ਪੰਜਾਬ ਸਰਕਾਰ ਦਾ ਸਰਵੋਤਮ ਸਨਮਾਨ “ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ” ਅਤੇ ਹੋਰ ਵੀ ਕਈ ਉੱਚ ਪੱਧਰੀ ਸਨਮਾਨ/ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਵੀ ਹਾਸਲ ਹੈ।
ਸੰਖੇਪ ਵਿੱਚ ਡਾ. ਰਤਨ ਸਿੰਘ ਜੱਗੀ ਦਾ ਸਾਹਿਤ ਦੇ ਖੇਤਰ ਵਿੱਚ ਪਾਇਆ ਯੋਗਦਾਨ ਸਚਮੁੱਚ ਪਰਮ ਉਤਕਿਸ਼ਟ ਪੱਧਰ ਦਾ ਹੈ ਅਤੇ ਨਿਸਚੈ ਹੀ ਉਹ ਸਾਹਿਤ ਜਗਤ ਦੇ ਅਨਮੋਲ ਰਤਨ ਸਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਦੀਆਂ ਨਿਸ਼ਾਨੀਆਂ ਸਮੁੱਚੀ ਮਾਨਵ ਜਾਤ ਦੀ ਵਿਰਾਸਤ ਦਾ ਹਮੇਸ਼ਾ ਅਹਿਮ ਹਿੱਸਾ ਰਹਿਣਗੀਆਂ।
