ਧੂਰੀ/ਸੰਗਰੂਰ, 14 ਫਰਵਰੀ-
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਦੇ ਦਿਸਾ ਨਿਰਦੇਸਾਂ ਅਨੁਸਾਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਅੱਜ ਦੇਸ਼ ਭਗਤ ਪੌਲੀਟੈਕਨੀਕ ਕਾਲਜ, ਬਰੜਵਾਲ ਵਿਖੇ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ। ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਅਫਸਰ ਸ੍ਰੀਮਤੀ ਸਿੰਪੀ ਸਿੰਗਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਮੌਕੇ 24 ਨਾਮਵਾਰ ਕੰਪਨੀਆਂ ਜਿਵੇਂ ਕਿ ਅਰੀਹੰਤ ਸਪੀਨਿੰਗ ਮਿਲ, ਮਹਿੰਦਰਾ ਐਂਡ ਮਹਿੰਦਰਾ, ਰਾਈਸੀਲਾ, ਮੈਕਸ ਆਟੋ, ਐਸ.ਟੀ.ਕੌਟੈਕਸ ਐਕਸਪੋਰਟ ਅਤੇ ਵਰਧਮਾਨ ਅਪੈਰਲ ਆਦਿ ਨਿਯੋਜਕਾਂ ਨੇ ਹਿੱਸਾ ਲਿਆ ਅਤੇ ਇਸ ਦੌਰਾਨ ਲਗਭਗ 400 ਦੇ ਕਰੀਬ ਪ੍ਰਾਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 67 ਦੇ ਕਰੀਬ ਪ੍ਰਾਰਥੀ ਸ਼ਾਰਟ ਲਿਸਟ ਕੀਤੇ ਗਏ ਅਤੇ 153 ਪ੍ਰਾਰਥੀਆਂ ਦੀ ਮੌਕੇ ਉੱਤੇ ਚੋਣ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਸਵੈ-ਰੋਜ਼ਗਾਰ ਅਤੇ ਹੁਨਰ ਸਿਖਲਾਈ ਵਿਭਾਗ ਜਿਵੇਂ ਕਿ ਜ਼ਿਲ੍ਹਾ ਉਦਯੋਗ ਕੇਂਦਰ, ਮੱਛੀ ਪਾਲਣ, ਪਸ਼ੂ ਪਾਲਣ, ਐਸ.ਸੀ ਕਾਰਪੋਰੇਸ਼ਨ, ਬੈਕਫਿੰਕੋ ਅਤੇ ਆਰ.ਸੇਟੀ. ਆਦਿ ਅਤੇ ਵੱਖ-ਵੱਖ ਸਰਕਾਰੀ ਬੈਂਕਾਂ ਦੇ ਨੁਮਾਇੰਦਿਆਂ ਵੱਲੋਂ ਵੀ ਹਿੱਸਾ ਲਿਆ ਗਿਆ ਅਤੇ ਇਸ ਦੌਰਾਨ ਇਹਨਾਂ ਵਿਭਾਗਾਂ ਵੱਲੋਂ ਸਵੈ-ਰੋਜ਼ਗਾਰ ਅਤੇ ਹੁਨਰ ਸਿਖਲਾਈ ਲਈ 138 ਦੇ ਕਰੀਬ ਪ੍ਰਾਰਥੀਆਂ ਦੀ ਸ਼ਨਾਖਤ ਕੀਤੀ ਗਈ।