ਡਿਪਟੀ ਕਮਿਸ਼ਨਰ ਨੇ ਗੁਰੂਹਰਸਹਾਏ ਤੇ ਮਮਦੋਟ ਦੇ ਪਿੰਡਾਂ ਦਾ ਕੀਤਾ ਦੌਰਾ, ਪਰਾਲ਼ੀ ਨਾ ਸਾੜਨ ਦੀ ਕੀਤੀ ਅਪੀਲ

Ferozepur Punjab

ਫ਼ਿਰੋਜ਼ਪੁਰ /ਗੁਰੂਹਰਸਹਾਏ, 08 ਨਵੰਬਰ 2024.

ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਗੁਰੂਹਰਹਾਏ ਅਤੇ ਮਮਦੋਟ ਬਲਾਕਾਂ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ(ਜ) ਡਾ. ਨਿਧੀ ਕੁਮੁਦ ਬੰਬਾਹ ਅਤੇ ਐਸ.ਡੀ.ਐਮ. ਗੁਰੂਹਰਸਹਾਏ ਦਿਵਿਯਾ ਪੀ. ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਵੱਲੋਂ ਮਮਦੋਟ ਦੇ ਪਿੰਡ ਗੁਲਾਬ ਸਿੰਘ ਚੁੱਘੇ, ਪੱਟੀਆਂ, ਰਹੀਮੇ ਕੇ ਅਤੇ ਗੁਰੂਹਰਸਹਾਏ ਦੇ ਪਿੰਡ ਗੁੱਦੜ ਢੰਡੀ, ਮਾੜੇ ਖੁਰਦ, ਲਾਲਚੀਆਂ, ਅਜੈਬ ਸਿੰਘ ਚੁੱਘੇ, ਚੱਪਾ ਅੜਿਕੀ, ਬਸਤੀ ਸਾਨ੍ਹ ਕੇ, ਬਾਗੋ ਵਾਲਾ, ਸ਼ਰੀਨ ਵਾਲਾ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕੁਝ ਖੇਤਾਂ ਵਿੱਚ ਪਰਾਲ਼ੀ ਨੂੰ ਸਾੜਣ ਦੀ ਘਟਨਾ ਸਾਹਮਣੇ ਆਈ ਜਿਸ ਨੂੰ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਸਹਿਯੋਗ ਨਾਲ ਤੁਰੰਤ ਬੁਝਾ ਦਿੱਤਾ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਇਸ ਦੇ ਮੱਦੇਨਜ਼ਰ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪਰਾਲ਼ੀ ਨੂੰ ਅੱਗ ਨਾ ਲਗਾਉਣ। ਉਨ੍ਹਾਂ ਕਿਹਾ ਕਿ ਪਰਾਲ਼ੀ ਦਾ ਧੂਂਆਂ ਲੋਕਾਂ ਦੀ ਸਿਹਤ ਲਈ ਬੜਾ ਨੁਕਸਾਨਦੇਹ ਹੈ। ਖਾਸਕਰ ਨਵ ਜਨਮੇ ਬੱਚੇ, ਬਜ਼ੁਰਗ ਤੇ ਜਿਹੜੇ ਲੋਕ ਪਹਿਲਾਂ ਹੀ ਸਾਹ ਦੀ ਬੀਮਾਰੀ ਤੋਂ ਪੀੜਤ ਹਨ ਸਾਨੂੰ ਉਨ੍ਹਾਂ ਬਾਰੇ ਵੀ ਸੋਚਦੇ ਹੋਏ ਪਰਾਲ਼ੀ ਸਾੜਨ ਦੇ ਇਸ ਰੁਝਾਨ ਨੂੰ ਖਤਮ ਕਰਨਾ ਚਾਹੀਦਾ ਹੈ ਕਿਉਂਕਿ ਸਾਫ਼ ਸੁੱਥਰੇ ਵਾਤਾਵਰਣ ਵਿੱਚ ਰਹਿਣਾ ਹਰੇਕ ਇਨਸਾਨ ਦਾ ਮੁੱਢਲਾ ਹੱਕ ਵੀ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸੈਟੇਲਾਈਟ ਨਾਲ ਆਏ ਕੁਲ 633 ਪਰਾਲੀ ਸਾੜਨ ਦੇ ਮਾਮਲਿਆਂ ਵਿਚੋਂ 482 ਮਾਮਲਿਆਂ ਤੇ ਕਾਰਵਾਈ ਕਰਦੇ ਹੋਏ ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀ ਪਹਿਲਾਂ ਹੀ ਪਿੰਡਾਂ ਵਿੱਚ ਘੁੰਮ ਕੇ ਪਰਾਲੀ ਸਾੜਨ ਦੀਆਂ ਘਟਨਾਵਾਂ ਤੇ ਨਜ਼ਰ ਰੱਖ ਰਹੇ ਹਨ ਅਤੇ ਕਿਸਾਨਾਂ ਨੂੰ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਉਪਲੱਬਧ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲ਼ੀ ਦੀਆਂ ਗੱਠਾਂ ਬਣਾਉਣ ਅਤੇ ਖੇਤਾਂ ਵਿੱਚ ਹੀ ਨਿਪਟਾਰਾ ਕਰਨ ਬਾਰੇ ਪ੍ਰੇਰਿਤ ਕਰ ਰਹੇ ਹਨ, ਜਿਸ ਨਾਲ ਵਾਤਾਵਰਣ ਪਲੀਤ ਹੋਣ ਤੋਂ ਬਚਾਅ ਹੋ ਸਕੇ।

ਡਿਪਟੀ ਕਮਿਸ਼ਨਰ ਨੇ ਇਕ ਵਾਰ ਫ਼ਿਰ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲ਼ੀ ਨੂੰ ਅੱਗ ਨਾ ਲਗਾਉਣ ਅਤੇ ਖੇਤੀ ਮਾਹਰਾਂ ਦੀ ਸਲਾਹ ਅਨੁਸਾਰ ਹੀ ਪਰਾਲ਼ੀ ਦਾ ਨਿਪਟਾਰਾ ਕਰਨ।