ਡਿਪਟੀ ਕਮਿਸ਼ਨਰ ਨੇ ਇੰਤਕਾਲ ਨਿਪਟਾਉਣ ਲਈ ਲਗਾਏ ਗਏ ਵਿਸ਼ੇਸ਼ ਕੈਂਪ ਦਾ ਕੀਤਾ ਨਿਰੀਖਣ

Punjab

ਫਾਜ਼ਿਲਕਾ, 6 ਜਨਵਰੀ

ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਾਲ ਵਿਭਾਗ ਵਲੋਂ ਲੰਬਿਤ ਪਏ ਇੰਤਕਾਲਾਂ ਨੂੰ ਨਿਪਟਾਉਣ ਲਈ (ਸ਼ਨਿੱਚਰਵਾਰ) ਨੂੰ ਛੁੱਟੀ ਵਾਲੇ ਦਿਨ ਵਿਸ਼ੇਸ਼ ਕੈਂਪ ਲਗਾਏ ਗਏ। ਇਸੇ ਉਪਰਾਲੇ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੀਆਂ ਸਮੂਹ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਚ ਕੈਂਪ ਲਗਾਏ ਗਏ ਜਿਸ ਵਿਚ ਸੈਂਕੜਿਆਂ ਲੋਕਾਂ ਨੇ ਆਪਣੇ ਇੰਤਕਾਲ ਬਣਵਾਏ ਗਏ।

ਲੰਬਿਤ ਪਏ ਇੰਤਕਾਲਾਂ ਦਾ ਨਿਪਟਾਰਾ ਕਰਨ ਲਈ ਲਗਾਏ ਗਏ ਕੈਂਪ ਦਾ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵਲੋਂ ਫਾਜ਼ਿਲਕਾ ਤਹਿਸੀਲ ਵਿਖੇ ਪਹੁੰਚ ਕੇ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਆਪਣੇ ਕੰਮ ਕਰਵਾਉਣ ਲਈ ਪਹੁੰਚੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕੈਂਪ ਦੌਰਾਨ ਉਨ੍ਹਾਂ ਨੂੰ ਮਿਲ ਰਹੀਆਂ ਸੇਵਾਵਾਂ ਬਾਰੇ ਪੁੱਛਿਆ। ਉਨ੍ਹਾਂ ਅਧਿਕਾਰੀਆਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਕਿ ਜਿੰਨੇ ਵੀ ਵਿਅਕਤੀ ਆਪਣੇ ਲੰਬਿਤ ਪਏ ਇੰਤਕਾਲਾਂ ਦਾ ਨਿਪਟਾਰਾ ਕਰਵਾਉਣ ਲਈ ਆਉਂਦੇ ਹਨ ਉਨ੍ਹਾਂ ਦਾ ਪਹਿਲ ਦੇ ਆਧਾਰ *ਤੇ ਕੰਮ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਲੋਕਾਂ ਨੂੰ ਸੁਖਾਵੇ ਢੰਗ ਨਾਲ ਵਿਸ਼ੇਸ਼ ਦਿਨ ਉਲੀਕ ਕੇ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਨਾਲ ਸਬੰਧਤ ਸਮੂਹ ਅਧਿਕਾਰੀਆਂ ਵੱਲੋਂ ਆਪੋ-ਆਪਣੇ ਤਹਿਸੀਲਾਂ/ਦਫਤਰਾਂ ਵਿਖੇ ਬੈਠ ਕੇ ਲੰਬਿਤ ਪਏ ਇੰਤਕਾਲਾਂ ਦਾ ਨਿਪਟਾਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰਕਾਰ ਦੀਆਂ ਸਕੀਮਾ/ਯੋਜਨਾਵਾਂ ਦਾ ਲਾਹਾ ਹਰ ਹੀਲੇ ਬਿਨਾਂ ਕਿਸੇ ਖਜਲ-ਖੁਆਰੀ ਦੇ ਮੁਹੱਈਆ ਕਰਵਾਉਣ ਲਈ ਅਧਿਕਾਰੀਆਂ ਨੂੰ ਪਾਬੰਦ ਕੀਤਾ ਗਿਆ ਹੈ।

ਆਪਣੇ ਇੰਤਕਾਲਾਂ ਦਾ ਨਿਪਟਾਰਾ ਕਰਵਾਉਣ ਆਏ ਲਾਭਪਾਤਰੀ ਸ਼ਕੀਲਾ, ਬਲਜਿੰਦਰ ਕੌਰ, ਅਨੁਦੀਪ ਅਤੇ ਇਕਬਾਲ ਸਿੰਘ ਸੰਧੂ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਿਸੇਸ਼ ਕੈਂਪ ਉਲੀਕਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਕੈਂਪ ਵਾਰ-ਵਾਰ ਲਗਣੇ ਚਾਹੀਦੇ ਹਨ ਤਾਂ ਜੋ ਇਕੋ ਥਾਈ ਸਾਰਾ ਸਟਾਫ ਮੌਜੂਦ ਹੋਣ ਕਰਕੇ ਸਬੰਧਤ ਸੇਵਾ ਦਾ ਲਾਭ ਸੁਖਾਵੇ ਮਾਹੌਲ ਵਿਚ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਅਧਿਕਾਰੀਆਂ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਸੇਵਾਵਾਂ *ਤੇ ਵੀ ਸੰਤੁਸ਼ਟੀ ਪ੍ਰਗਟ ਕੀਤੀ ਹੈ।

ਇਸ ਮੌਕੇ ਸਮੂਹ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਪਟਵਾਰੀ ਆਦਿ ਸਟਾਫ ਮੌਜੂਦ ਸੀ।