ਡਿਪਟੀ ਕਮਿਸ਼ਨਰ ਨੇ ਸਮੈਮ ਸਕੀਮ ਸਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

Bathinda

ਬਠਿੰਡਾ, 8 ਨਵੰਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਵਲੋਂ ਸਬ ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜੇਸ਼ਨ (ਸਮੈਮ) ਸਕੀਮ ਸਾਲ 2024-25 ਅਧੀਨ ਵੱਖ-ਵੱਖ ਖੇਤੀ ਮਸ਼ੀਨਰੀ ’ਤੇ ਸਬਸਿਡੀ ਦੇਣ ਲਈ ਪ੍ਰਾਪਤ ਹੋਈਆਂ ਆਨਲਾਈਨ ਅਰਜ਼ੀਆਂ ’ਚੋਂ ਕੰਪਿਊਟਰਾਈਜ਼ਡ ਰਾਹੀਂ ਲਾਭਪਾਤਰੀਆਂ ਦੀ ਸੀਨੀਆਰਤਾ ਸੂਚੀ ਬਨਾਉਣ ਸਬੰਧੀ ਖੇਤੀਬਾੜੀ ਅਧੀਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀ ਮਸ਼ੀਨਰੀ ’ਤੇ ਸਬਸਿਡੀ ਦੇਣ ਲਈ ਖੇਤੀਬਾੜੀ ਵਿਭਾਗ ਦੇ ਆਨਲਾਈਨ agrimachinerypb.com ਪੋਰਟਲ ਤੋਂ ਡਾਊਨਲੋਡ ਕੀਤੀਆਂ ਨਿੱਜੀ ਕਿਸਾਨ (ਜਰਨਲ ਅਤੇ ਐਸਸੀ) ਅਤੇ ਸੀਐਚਸੀ (ਜਰਨਲ ਅਤੇ ਐਸਸੀ) ਦੀਆਂ ਕੁੱਲ 510 ਦਰਖਾਸਤਾਂ ਪ੍ਰਾਪਤ ਹੋਈਆਂ ਹਨ।

ਡਿਪਟੀ ਕਮਿਸ਼ਨਰ ਨੇ ਅੱਗੇ ਹੋਰ ਦੱਸਿਆ ਕਿ ਸਕੀਮ ਦੀਆਂ ਹਦਾਇਤਾਂ ਅਨੁਸਾਰ ਨਿੱਜੀ ਕਿਸਾਨ ਲਾਭਪਾਤਰੀ ਨੂੰ ਕੇਵਲ ਇੱਕ ਮਸ਼ੀਨ ਹੀ ਸਬਸਿਡੀ ‘ਤੇ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਹੋਰ ਦੱਸਿਆ ਕਿ ਜਨਰਲ ਕੈਟਾਗਰੀ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਜਨਰਲ ਕੈਟਾਗਰੀ ਵਿੱਚ ਹੀ ਵਿਚਾਰਦੇ ਹੋਏ 40 ਫੀਸਦੀ ਸਬਸਿਡੀ ਦਿੱਤੀ ਜਾਵੇਗੀ, ਕਿਉਂਕਿ ਇਸ ਕੈਟਾਗਰੀ ਦੇ ਕਿਸਾਨਾਂ ਦੀ ਵੈਰੀਫਿਕੇਸ਼ਨ ਕੇਬਲ ਉਨ੍ਹਾਂ ਵੱਲੋਂ ਭਰੇ ਗਏ ਫਾਰਮਾਂ ਦੇ ਆਧਾਰ ’ਤੇ ਹੀ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਨੂੰ ਸਾਰੇ ਛੋਟੇ ਤੇ ਸੀਮਾਂਤ ਕਿਸਾਨਾਂ ਦੀ ਕੈਟਾਗਰੀ ਦੇ ਕਿਸਾਨਾਂ ਤੋਂ ਇਹ ਹਲਫੀਆ ਬਿਆਨ ਲਿਆ ਜਾਵੇਗਾ ਕਿ ਉਨ੍ਹਾਂ ਦੀ ਖੇਤੀ ਦੀ ਜ਼ਮੀਨ ਦੀ ਮਲਕੀਅਤ ਪੰਜ ਏਕੜ ਤੋਂ ਘੱਟ ਹੈ ਅਤੇ ਕਿਸੇ ਵੀ ਸਮੇਂ ਜੇਕਰ ਇਸ ਤੋਂ ਅਲੱਗ ਤੱਤ ਸਾਹਮਣੇ ਆਉਂਦਾ ਹੈ ਤਾਂ ਵਾਧੂ ਲਈ ਸਬਸਿਡੀ ਤੇ ਵਿਆਜ਼ ਸਮੇਤ ਵਿਭਾਗ ਨੂੰ ਵਾਪਸ ਕਰਨ ਦੇ ਪਾਬੰਦ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸਾਨ ਦੀ ਇਸ ਕੈਟਾਗਰੀ ਦਾ ਸਬੂਤ ਦੇ ਕੇ ਵੱਧ ਸਬਸਿਡੀ ਦੀ ਮੰਗ ਕਰੇਗਾ ਤਾਂ ਉਸ ਪਾਸੋਂ ਇਸ ਸਬੰਧੀ ਹਲਫੀਆ ਬਿਆਨ ਲੈ ਕੇ ਉਸ ਦਾ ਕੇਸ 50 ਫੀਸਦੀ ਸਬਸਿਡੀ ਲਈ ਵਿਚਾਰਿਆ ਜਾਵੇਗਾ।

ਇਸ ਮੌਕੇ ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਸਕੀਮ ਦਾ ਸਾਰਾ ਕੰਮ ਪੂਰੇ ਪਾਰਦਰਸ਼ੀ ਤਰੀਕੇ ਨਾਲ ਕਰਨਾ ਲਾਜ਼ਮੀ ਬਣਾਇਆ ਜਾਵੇ ਅਤੇ ਸਮੇਂ ਸਿਰ ਸਬਸਿਡੀ ਜਾਰੀ ਕਰਨੀ ਯਕੀਨੀ ਬਣਾਈ ਜਾਵੇ।

ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ ਜਗਸੀਰ ਸਿੰਘ, ਸਹਾਇਕ ਖੇਤੀਬਾੜੀ ਇੰਜੀਨੀਅਰ ਸ਼੍ਰੀ ਗੁਰਜੀਤ ਵਿਰਕ ਤੋਂ ਇਲਾਵਾ ਹੋਰ ਆਗਾਂਹ ਵਧੂ ਕਿਸਾਨ ਆਦਿ ਹਾਜ਼ਰ ਸਨ।