ਪਟਿਆਲਾ, 4 ਫਰਵਰੀ:
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਰੈੱਡ ਕਰਾਸ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਸਾਕੇਤ ਹਸਪਤਾਲ ਦਾ ਅਚਨਚੇਤ ਦੌਰਾ ਕਰਕੇ ਨਸ਼ਾ ਛੱਡਣ ਲਈ ਇਥੇ ਦਾਖਲ ਵਿਅਕਤੀਆਂ ਨਾਲ ਗੱਲਬਾਤ ਕਰਕੇ ਫੀਡਬੈਕ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਟਿਆਲਾ ਜ਼ਿਲ੍ਹੇ ਦੇ ਨਸ਼ਾ ਛਡਾਊ ਕੇਂਦਰਾਂ ਵਿੱਚ ਇਲਾਜ ਕਰਵਾ ਰਹੇ ਮਰੀਜ਼ਾ ਨੂੰ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਰਜਿਸਟਰ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਰੋਜ਼ਗਾਰ ਤੇ ਸਵੈ ਰੋਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕੀਤੇ ਜਾਣਗੇ ਤਾਂ ਜੋ ਉਹ ਆਤਮ ਨਿਰਭਰ ਹੋਕੇ ਸਮਾਜ ਦੀ ਮੁਖਧਾਰਾ ਨਾਲ ਚੱਲ ਸਕਣ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਸੀ (ਜ) ਇਸ਼ਾ ਸਿੰਗਲ ਵੀ ਮੌਜੂਦ ਸਨ।
ਡਾ. ਪ੍ਰੀਤੀ ਯਾਦਵ ਨੇ ਹਸਪਤਾਲ ਦੀ ਪ੍ਰਾਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਨੂੰ ਹਦਾਇਤ ਕੀਤੀ ਕਿ ਨਸ਼ਾ ਛੱਡ ਚੁੱਕੇ ਮਰੀਜ਼ਾ ਦੀ ਲਗਾਤਾਰ ਟੈਲੀ ਕਾਊਂਸਲਿੰਗ (ਫ਼ੋਨ ਜਰੀਏ) ਕੀਤੀ ਜਾਵੇਗੀ ਤਾਂ ਕਿ ਉਨ੍ਹਾਂ ਨੂੰ ਲਗਾਤਾਰ ਮੋਟੀਵੇਸ਼ਨ ਮਿਲਦੀ ਰਹੇ। ਉਨ੍ਹਾਂ ਕਿਹਾ ਕਿ ਹਸਪਤਾਲ ਤੋਂ ਛੁੱਟੀ ਹੋਣ ਉਪਰੰਤ ਪਹਿਲਾਂ ਹਰੇਕ ਹਫ਼ਤੇ, ਫੇਰ 15 ਦਿਨਾਂ ਬਾਅਦ ਅਤੇ ਫੇਰ ਮਹੀਨੇ ਵਿੱਚ ਇੱਕ ਵਾਰ ਜ਼ਰੂਰ ਉਨ੍ਹਾਂ ਨਾਲ ਗੱਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਠੀਕ ਹੋਕੇ ਜਾ ਰਹੇ ਮਰੀਜ਼ਾਂ ਦਾ ਵੱਟਸਐਪ ਗਰੁੱਪ ਵੀ ਬਣਾਇਆ ਜਾਵੇ ਜਿਥੇ ਉਹ ਆਪਣੀਆਂ ਸਮੱਸਿਆਵਾਂ ਦੱਸ ਸਕਣ ਤੇ ਮਾਹਰ ਡਾਕਟਰ ਤੇ ਮਨੋਵਿਗਿਆਨੀ ਆਪਣੀ ਰਾਏ ਦੇ ਸਕਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹੇ ਦੇ ਸਾਰੇ ਨਸ਼ਾ ਛਡਾਊ ਕੇਂਦਰਾਂ ਵਿੱਚ ਇਲਾਜ ਕਰਵਾ ਰਹੇ ਮਰੀਜ਼ਾ ਦੇ ਹੁਨਰ ਵਿਕਾਸ ਲਈ ਕਿੱਤਾ ਮੁਖੀ ਕੋਰਸ ਸ਼ੁਰੂ ਕੀਤੇ ਜਾਣਗੇ, ਤਾਂ ਜੋ ਉਨ੍ਹਾਂ ਦਾ ਨਸ਼ਾ ਛੱਡਣ ਮਗਰੋਂ ਸਮਾਜ ਵਿੱਚ ਮੁੜਵਸੇਬਾ ਸੁਖਾਲਾ ਹੋ ਸਕੇ। ਉਨ੍ਹਾਂ ਕਿਹਾ ਕਿ ਹਰੇਕ ਕੋਰਸ ਲਈ 30 ਵਿਅਕਤੀਆਂ ਦਾ ਗਰੁੱਪ ਬਣਾ ਕੇ ਉਨ੍ਹਾਂ ਦੀ ਇੱਛਾ ਅਨੁਸਾਰ ਏ.ਸੀ. ਰਿਪੇਅਰ, ਵੈਲਡਰ, ਪਲੰਬਰ ਆਦਿ ਵਰਗੇ ਟਰੇਨਿੰਗ ਪ੍ਰੋਗਰਾਮ ਕਰਵਾਏ ਜਾਣਗੇ ਅਤੇ ਜੇਕਰ ਇਕ ਸੈਂਟਰ ‘ਤੇ 30 ਤੋਂ ਘੱਟ ਵਿਅਕਤੀ ਇਕ ਕੋਰਸ ਵਿੱਚ ਹੋਣਗੇ ਤਾਂ ਉੱਥੇ ਦੂਸਰੇ ਸੈਂਟਰਾਂ ਤੋਂ ਬੱਸ ਰਾਹੀਂ ਉਨ੍ਹਾਂ ਨੂੰ ਲਿਆਂਦਾ ਜਾਵੇਗਾ ਅਤੇ ਟਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਹਰਲੇ ਜ਼ਿਲ੍ਹਿਆਂ ਤੋਂ ਦਾਖਲ ਮਰੀਜ਼ਾਂ ਨੂੰ ਵੀ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸਬੰਧਤ ਜ਼ਿਲ੍ਹੇ ਦੇ ਰੋਜ਼ਗਾਰ ਬਿਊਰੋ ਨਾਲ ਰਾਬਤਾ ਕਰਕੇ ਉਨ੍ਹਾਂ ਦੀ ਰਜਿਸਟਰੇਸ਼ਨ ਕਰਵਾਈ ਜਾਵੇਗੀ।
ਡਾ. ਪ੍ਰੀਤੀ ਯਾਦਵ ਨੇ ਸਾਕੇਤ ਹਸਪਤਾਲ ਦੀ ਖ਼ਾਲੀ ਪਈ ਜ਼ਮੀਨ ‘ਤੇ ਮੱਛੀ ਪਾਲਣ, ਮਧੂ ਮੱਖੀ ਪਾਲਣ, ਵਰਮੀ ਕਪੋਸਟ (ਗੰਡੋਇਆਂ ਖਾਦ) ਵਰਗੇ ਸਹਾਇਕ ਧੰਦੇ ਸ਼ੁਰੂ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਸਬੰਧਤ ਵਿਭਾਗਾਂ ਨਾਲ ਰਾਬਤਾ ਕਰਕੇ ਅਜਿਹੇ ਕਿੱਤੇ ਸ਼ੁਰੂ ਕੀਤੇ ਜਾਣ ਤਾਂ ਜੋ ਇਥੇ ਇਲਾਜ ਕਰਵਾ ਰਹੇ ਮਰੀਜ਼ ਵੀ ਆਪਣਾ ਕੁਝ ਸਮਾਂ ਅਜਿਹੇ ਉਸਾਰੂ ਕੰਮਾਂ ਵਿੱਚ ਵੀ ਬਤੀਤ ਕਰ ਸਕਣ। ਉਨ੍ਹਾਂ ਕਿਹਾ ਕਿ ਖ਼ਾਲੀ ਪਈ ਜ਼ਮੀਨ ਵਿੱਚ ਕੇ.ਵੀ.ਕੇ ਰਾਹੀਂ ਮੌਸਮੀ ਫ਼ਸਲਾਂ ਦੀ ਕਾਸ਼ਤ ਵੀ ਕਰਵਾਈ ਜਾਵੇ।
ਇਸ ਦੌਰਾਨ ਦਾਖਲ ਮਰੀਜ਼ਾਂ ਵੱਲੋਂ ਵੀ ਹੁਨਰ ਸਿਖਲਾਈ ਕੋਰਸਾਂ ਲਈ ਉਤਸ਼ਾਹ ਦਿਖਾਇਆ ਗਿਆ ਅਤੇ ਟ੍ਰੇਨਿੰਗ ਪ੍ਰਾਪਤ ਕਰਕੇ ਸਮਾਜ ਦੀ ਮੁੱਖ ਧਾਰਾ ‘ਚ ਸ਼ਾਮਲ ਹੋਣ ਦਾ ਉਨ੍ਹਾਂ ਅਹਿਦ ਵੀ ਲਿਆ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ ਤੇ ਡਾ. ਸੰਦੀਪ ਸਿੰਘ ਵੀ ਮੌਜੂਦ ਸਨ।
ਫੋਟੋ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਸਾਕੇਤ ਹਸਪਤਾਲ ਦਾ ਦੌਰਾ ਕਰਦੇ ਹੋਏ।