ਵਿਸ਼ਵ ਚੈਂਪੀਅਨ ਗੁਕੇਸ਼ ਲਈ ਸ਼ਤਰੰਜ ਬਣਾਉਣ ਵਾਲੇ ਕਾਰੀਗਰਾਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ

Amritsar Politics Punjab

ਅੰਮ੍ਰਿਤਸਰ 19 ਨਵੰਬਰ 2024-

ਹਾਲ ਹੀ ਵਿੱਚ ਸਿੰਗਾਪੁਰ ਵਿਖੇ ਹੋਈ ਸ਼ਤਰੰਜ ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਜੇਤੂ ਰਹੇ ਭਾਰਤ ਦੇ ਸ਼ਤਰੰਜ ਖਿਡਾਰੀ ਡੀ ਗੁਕੇਸ਼ ਲਈ ਸ਼ਤਰੰਜ ਦੇ ਮੋਹਰੇ ਬਣਾਉਣ ਵਾਲੇ ਕਾਰੀਗਰਾਂ ਨੂੰ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਵਿਸ਼ੇਸ਼ ਤੌਰ ਤੇ ਆਪਣੇ ਦਫਤਰ ਬੁਲਾ ਕੇ  ਸਨਮਾਨਿਤ  ਕੀਤਾ ਤੇ ਸ਼ਤਰੰਜ ਦੇ ਮੋਹਰੇ ਬਣਾਉਣ ਸਬੰਧੀ ਅੰਮ੍ਰਿਤਸਰ ਦੀ ਇਸ ਕਲਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕੀਤੀ। ਦੱਸਣ ਯੋਗ ਹੈ ਕਿ ਅੰਮ੍ਰਿਤਸਰ ਵਿੱਚ ਕਰੀਬ 100 ਸਾਲਾਂ ਤੋਂ ਸ਼ਤਰੰਜ ਦੇ ਮੋਹਰੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਪਹਿਲਾਂ ਇਸ ਲਈ ਹਾਥੀ ਦੰਦ ਦੀ ਵਰਤੋਂ ਵੀ ਕੀਤੀ ਜਾਂਦੀ ਸੀ ਪਰ ਹੁਣ ਕੇਵਲ ਲੱਕੜ ਦੇ ਮੋਹਰੇ ਹੀ ਬਣਾਏ ਜਾਂਦੇ ਹਨ ਜੋ ਕਿ ਜਿਆਦਾਤਰ ਯੂਰਪੀਅਨ ਦੇਸ਼ਾਂ ਵਿੱਚ ਨਿਰਯਾਤ ਹੁੰਦੇ ਹਨ।

ਅਜਿਹੀ ਇੱਕ ਫਰਮ ਚੋਪੜਾ ਐਂਡ ਕੰਪਨੀ ਜੋ ਕਿ ਸ਼ਤਰੰਜ ਬਣਾਉਣ ਦਾ ਕੰਮ ਲੰਮੇ ਸਮੇਂ ਤੋਂ ਕਰ ਰਹੀ ਹੈ, ਨੇ ਕੁਝ ਅਰਸਾ ਪਹਿਲਾਂ ਸ਼ਤਰੰਜ ਚੈਂਪੀਅਨ ਗੁਕੇਸ਼ ਲਈ ਸ਼ਤਰੰਜ ਬਣਾ ਕੇ ਭੇਜੀ ਸੀ। ਉਕਤ ਫਰਮ ਦੇ ਮਾਲਕ ਸ੍ਰੀ ਅਦਿਤਿਆ ਚੋਪੜਾ ਨੇ ਦੱਸਿਆ ਕਿ ਭਾਰਤ ਵਿੱਚ ਸ਼ਤਰੰਜ ਖੇਡ ਜਿਆਦਾ ਪ੍ਰਚਲਤ ਨਹੀਂ ਹੈ ਜਦ ਕਿ ਯੂਰਪੀਅਨ ਦੇਸ਼ਾਂ ਵਿੱਚ ਇਹ ਖੇਡ ਜਿਆਦਾ ਖੇਡੀ ਜਾਂਦੀ ਹੈ ਉਹਨਾਂ ਦੱਸਿਆ ਕਿ ਸਾਡੇ ਕਾਰੀਗਰ ਬਲਜੀਤ ਸਿੰਘ ਵੱਲੋਂ ਬਣਾਏ ਗਏ ਮੋਹਰੇ ਇਸ ਵਾਰ ਗੁਕੇਸ਼ ਨੇ ਵਰਤੇ ਹਨ ਉਹਨਾਂ ਦੱਸਿਆ ਕਿ ਇਹ ਕਾਰੀਗਰ ਸਾਡੇ ਕੋਲ ਬਹੁਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ ਅਤੇ ਇਹਨਾਂ ਦੇ ਤਰਾਸ਼ੀ ਹੋਏ ਮੋਹਰਿਆਂ ਦਾ ਕੋਈ ਮੁਕਾਬਲਾ ਨਹੀਂ ਹੈ। ਸ੍ਰੀ ਚੋਪੜਾ ਨੇ ਦੱਸਿਆ ਕਿ ਵਿਸ਼ਵ ਭਰ ਵਿੱਚ ਸ਼ਤਰੰਜ ਦੇ ਜਿੰਨ੍ਹੇ ਵੀ ਟੂਰਨਾਮੈਂਟ ਆਯੋਜਿਤ ਹੁੰਦੇ ਹਨ ਉਥੇ ਅੰਮ੍ਰਿਤਸਰ ਦੀ ਬਣਾਈ ਹੋਈ ਸ਼ਤਰੰਜ ਹੀ ਸਪਲਾਈ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ 1920 ਵਿੱਚ ਉਨਾਂ ਦੇ ਪਰਿਵਾਰ ਵਲੋਂ ਇਹ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਹਾਲ ਬਾਜ਼ਾਰ ਵਿੱਖੇ ਆਪਣੀ ਦੁਕਾਨ ਚਲਾ ਰਹੇ ਹਨ। ਉਨਾਂ ਦੱਸਿਆ ਕਿ ਸ਼ਤਰੰਜ ਬਣਾਉਣ ਦੇ ਕਰੀਬ 20 ਯੂਨਿਟ ਅੰਮ੍ਰਿਤਸਰ ਵਿੱਖੇ ਕੰਮ ਕਰਦੇ ਹਨ। ਸ੍ਰੀ ਚੋਪੜਾ ਨੇ ਦੱਸਿਆ ਕਿ ਉਹ ਅੱਜ ਵੀ ਸਕੂਲੀ ਬੱਚਿਆਂ ਨੂੰ ਨੋ ਪ੍ਰੋਫਿਟ ਨੋ ਲਾਸ ਦੇ ਆਧਾਰ ਤੇ ਸ਼ਤਰੰਜ ਦੀ ਵਿਕਰੀ ਕਰਦੇ ਹਨ ਅਤੇ ਪੂਰੇ ਸੰਸਾਰ ਵਿੱਚ ਅੱਜ ਅੰਮ੍ਰਿਤਸਰ ਵਿਖੇ ਹੀ ਲੱਕੜ ਦੀ ਸ਼ਤਰੰਜ ਦੇ ਮੋਹਰੇ ਬਣਾਏ ਜਾਂਦੇ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅੰਮ੍ਰਿਤਸਰ ਵਿੱਚ ਪ੍ਰਚਲਤ ਇਸ ਕਲਾ ਦੀਆਂ ਬਰੀਕੀਆਂ ਸਮਝਦੇ ਹੋਏ ਭਰੋਸਾ ਦਿੱਤਾ ਕਿ ਅੰਮ੍ਰਿਤਸਰ ਦੀ ਇਸ ਕਲਾ ਨੂੰ ਵਿਸ਼ਵ ਭਰ ਵਿੱਚ ਉਜਾਗਰ ਕੀਤਾ ਜਾਵੇਗਾ ਤਾਂ ਜੋ ਇਸ ਉਦਯੋਗ ਨੂੰ ਸਨਅਤ ਵਜੋਂ ਵਿਕਸਿਤ ਕਰਕੇ ਰੁਜ਼ਗਾਰ ਦੇ  ਹੋਰ ਮੌਕੇ ਪੈਦਾ ਕੀਤੇ ਜਾ ਸਕਣ। ਉਹਨਾਂ ਕਿਹਾ ਕਿ ਉਹ ਇਸ ਲਈ ਪੰਜਾਬ ਸਰਕਾਰ ਦਾ ਸਹਿਯੋਗ ਲੈਣਗੇ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸ਼ਤਰੰਜ ਦੇ ਕਾਰੀਗਰ ਸ੍ਰੀ ਬਲਜੀਤ ਸਿੰਘ ਅਤੇ ਚੋਪੜਾ ਸ਼ਤਰੰਜ ਦੇ ਮਾਲਕ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਐਸ.ਡੀ.ਐਮ. ਸ: ਮਨਕੰਵਲ ਸਿੰਘ ਚਾਹਲ ਅਤੇ ਜਨਰਲ ਮੈਨੇਜਰ ਉਦਯੋਗ ਸ੍ਰੀ ਮਨਪ੍ਰੀਤ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *