ਸਰਦੂਲਗੜ੍ਹ/ਮਾਨਸਾ, 08 ਅਕਤੂਬਰ :
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਵੱਲੋਂ ਅੱਜ ਅਨਾਜ ਮੰਡੀ ਸਰਦੂਲਗੜ੍ਹ ਵਿਖੇ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ ਵੀ ਮੌਜੂਦ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਆੜ੍ਹਤੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖ਼ਰੀਦ ਦੌਰਾਨ ਉਨ੍ਹਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਫ਼ਸਲ ਵੇਚਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਪੁਰਜ਼ੋਰ ਅਪੀਲ ਕੀਤੀ ਕਿ ਉਹ ਵਾਤਾਵਰਨ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਝੋਨੇ ਦੀ ਪਰਾਲੀ ਤੇ ਇਸ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ।
ਇਸ ਦੌਰਾਨ ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਅਮਨ ਮੰਗਲਾ ਨੇ ਦੱਸਿਆ ਕਿ ਜ਼ਿਲ੍ਹੇ ਅਧੀਨ ਝੋਨੇ ਦੀ ਫ਼ਸਲ ਦੀ ਖ਼ਰੀਦ ਲਈ ਕੁੱਲ 117 ਮੰਡੀਆਂ ਅਤੇ 07 ਸਬ ਯਾਰਡ ਅਤੇ 19 ਅਸਥਾਈ ਖਰੀਦ ਕੇਂਦਰ ਹਨ, ਜਿੰਨ੍ਹਾਂ ’ਚੋਂ ਹੁਣ ਤੱਕ ਸਿਰਫ਼ 13 ਮੰਡੀਆਂ ’ਚ ਹੀ 300 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਦੀ ਅਨਾਜ ਮੰਡੀ ਵਿਚ 65 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਜਿੱਥੋਂ ਮਾਰਕਫੈਡ ਏਜੰਸੀ ਵੱਲੋਂ ਝੋਨੇ ਦੀ ਖ਼ਰੀਦ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਬਰੇਟਾ ਵਿਖੇ ਵੀ ਖਰੀਦ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ੍ਰ. ਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਇਸ ਦੌਰਾਨ ਪ੍ਰਧਾਨ ਮਿਲਰਜ਼ ਐਸੋਸੀਏਸ਼ਨ ਸਰਦੂਲਗੜ੍ਹ ਸ੍ਰੀ ਪ੍ਰੇਮ ਮਿੱਤਲ ਵੱਲੋਂ ਖਰੀਦ ਪ੍ਰਕਿਰਿਆ ਦੌਰਾਨ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਦਰਸ਼ਨ ਲਾਲ ਮਿੱਤਲ, ਡੀ.ਐਮ. ਮਾਰਕਫੈਡ ਹਰਪਾਲ ਸਿੰਘ, ਡੀ.ਐਮ. ਪਨਸਪ ਅਮ੍ਰਿਤਪਾਲ ਸਿੰਘ, ਵਿੱਕੀ ਸੰਧੂ, ਨਰਿੰਦਰ ਕੁਮਾਰ, ਅਵਤਾਰ ਸਿੰਘ ਸੰਘਾ, ਪ੍ਰਾਨ ਜੈਨ, ਟਾਟਾ ਗਰਗ, ਸੰਜੀਵ ਜੈਨ, ਪ੍ਰੇਮ ਗਰਗ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਅਮਨਦੀਪ ਸਿੰਗਲਾ, ਜਗਦੀਸ਼ ਕੁਮਾਰ, ਸਤਵਿੰਦਰ ਸਿੰਘ, ਕੁਲਦੀਪ ਸਿੰਘ, ਰਾਜ ਕੁਮਾਰ ਇੰਸਪੈਕਟਰ ਪਨਗਰੇਨ, ਬਲਰਾਜ ਸਿੰਘ, ਨਿਰੰਕਾਰ ਸਿੰਘ, ਸਰਬਜੀਤ ਸਿੰਘ ਮਾਰਕਫੈਡ, ਗੁਰਪਿੰਦਰ ਸਿੰਘ ਇੰਸਪੈਕਟਰ ਪਨਸਪ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਸਰਦੂਲਗੜ੍ਹ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ


