ਐਸ.ਏ.ਐਸ.ਨਗਰ, 11 ਸਤੰਬਰ, 2024:
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਪਰਾਲੀ ਨੂੰ ਬਾਲਣ ਵਜੋਂ ਵਰਤਣ ਵਾਲੇ ਜ਼ਿਲ੍ਹੇ ਦੇ ਉਦਯੋਗਾਂ ਨੂੰ ਜ਼ਿਲ੍ਹੇ ਦੇ ਕਿਸਾਨਾਂ ਤੋਂ ਵਧ ਤੋਂ ਵਧ ਪਰਾਲੀ ਇਕੱਠੀ ਕਰਕੇ ਖਪਤ ਕਰਨ ਦੀ ਅਪੀਲ ਕੀਤੀ ਹੈ।
ਇੱਥੇ ਉਦਯੋਗਿਕ ਇਕਾਈਆਂ ਅਤੇ ਬੇਲਰ ਅਪਰੇਟਰਾਂ ਦੇ ਆਪਸੀ ਤਾਲਮੇਲ ਅਤੇ ਸੁਵਿਧਾ ਲਈ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਥਾਨਕ ਪੱਧਰ ਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਘੱਟ ਵਰਤੋਂ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਨਅਤਾਂ ਨੂੰ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਉਦਯੋਗਾਂ ਕੋਲ 2 ਲੱਖ ਮੀਟਰਕ ਟਨ ਦੀ ਸਮਰੱਥਾ ਵਾਲੇ ਪਰਾਲੀ ਦੀ ਖਪਤ ਵਾਲੇ ਛੇ ਬਾਇਲਰ ਯੂਨਿਟ ਹਨ ਜਦੋਂ ਕਿ ਜ਼ਿਲ੍ਹੇ ਵਿੱਚ ਉਤਪਾਦਨ 1.25 ਲੱਖ ਮੀਟਰਕ ਟਨ ਹੈ, ਇਸ ਲਈ ਉਦਯੋਗਾਂ ਨੂੰ ਵਧ ਤੋਂ ਵਧ ਪਰਾਲੀ ਸਥਾਨਕ ਕਿਸਾਨਾਂ ਕੋਲੋਂ ਹਾਸਲ ਕਰਨੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਲਾਲੜੂ, ਡੇਰਾਬੱਸੀ ਅਤੇ ਬਨੂੜ ਵਿੱਚ ਇਹ ਯੂਨਿਟ ਹਨ, ਇਸ ਲਈ ਇਨ੍ਹਾਂ ਖੇਤਰਾਂ ਦੇ ਐਸ.ਡੀ.ਐਮਜ਼ ਨੂੰ ਚਾਹੀਦਾ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਪਰਾਲੀ ਦੀ ਨਿਰਵਿਘਨ ਸਪਲਾਈ ਲਈ ਇਨ੍ਹਾਂ ਖੇਤਰਾਂ ਵਿੱਚ ਕੰਮ ਕਰਦੇ ਬੇਲਰ ਅਪਰੇਟਰਾਂ ਨਾਲ ਤਾਲਮੇਲ ਕਰਵਾਉਣ।
ਉਨ੍ਹਾਂ ਨੇ ਵਾਤਾਵਰਣ ਇੰਜੀਨੀਅਰ, ਐਸ.ਏ.ਐਸ.ਨਗਰ ਨੂੰ ਮੰਗ ਪ੍ਰਾਪਤ ਕਰਨ ਅਤੇ ਇਸ ਅਨੁਸਾਰ ਸਪਲਾਈ ਕਰਨ ਦਾ ਕੰਮ ਸੌਂਪਿਆ ਤਾਂ ਜੋ ਜ਼ਿਲ੍ਹੇ ਵਿੱਚ ਆਉਣ ਵਾਲੇ ਸੀਜ਼ਨ ਵਿੱਚ ਖੇਤਾਂ ਨੂੰ ਅੱਗ ਲੱਗਣ ਦਾ ਇੱਕ ਵੀ ਮਾਮਲਾ ਸਾਹਮਣੇ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਉਦਯੋਗਾਂ ਦੇ ਨੁਮਾਇੰਦਿਆਂ ਅਤੇ ਬੇਲਰ ਅਪਰੇਟਰਾਂ ਨੂੰ ਡੇਰਾਬੱਸੀ, ਮੁਹਾਲੀ ਅਤੇ ਖਰੜ ਸਬ ਡਵੀਜ਼ਨਾਂ ਵਿੱਚ ਜ਼ਿਲ੍ਹੇ ਵਿੱਚ ਉਪਲਬਧ ਡੰਪਿੰਗ (ਸਟੋਰੇਜ) ਸਾਈਟਾਂ ਸਮੇਤ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਭਾਰਤ ਦੀ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਖ਼ਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਰਾਲੀ ਸਾੜਨ ਤੋਂ ਰੋਕਣ ਲਈ ਵਚਨਬੱਧ ਹੈ। ਪਰਾਲੀ ਸਾੜਨ ਦੇ ਮੁੱਦੇ ਨਾਲ ਨਜਿੱਠਣ ਲਈ ਉਦਯੋਗਾਂ, ਬੇਲਰ ਸੰਚਾਲਕਾਂ ਅਤੇ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਸਾਨੂੰ ਪਿਛਲੇ ਸਾਲ ਦੇ 133 ਮਾਮਲਿਆਂ ਦੇ ਮੁਕਾਬਲੇ ਪਰਾਲੀ ਸਾੜਨ ਦੇ ਜ਼ੀਰੋ ਕੇਸਾਂ ਦੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਜ਼ਿਆਦਾ ਕੇਸ ਸਾਹਮਣੇ ਆਏ ਹਨ, ਉਨ੍ਹਾਂ ਨੂੰ ਇਸ ਵਾਰ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਰੀ ਦੀ ਜਾਣਕਾਰੀ ਦੇ ਕੇ ਅਤੇ ਉਨ੍ਹਾਂ ਦੀ ਵਰਤੋਂ ਲਈ ਤਿਆਰ ਕੀਤਾ ਜਾਵੇ। ਜ਼ਿਲ੍ਹੇ ਵਿੱਚ ਬੇਲਰਾਂ ਦੀ ਮੌਜੂਦਾ ਗਿਣਤੀ 20 ਹੈ ਜੋ ਆਉਣ ਵਾਲੇ ਦਿਨਾਂ ਵਿੱਚ ਪੰਜ ਹੋਰ ਬੇਲਰ ਆਉਣ ਨਾਲ 25 ਹੋ ਜਾਵੇਗੀ।
ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਏ ਡੀ ਸੀ (ਡੀ) ਸੋਨਮ ਚੌਧਰੀ, ਐਸ ਡੀ ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਵਾਤਾਵਰਣ ਇੰਜਨੀਅਰ ਪੀ ਪੀ ਸੀ ਬੀ ਰਣਤੇਜ ਸ਼ਰਮਾ, ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ, ਨਚੀਕੇਤਾ ਪੇਪਰ ਮਿੱਲ, ਨਾਹਰ ਇੰਡਸਟਰੀਅਲ ਇੰਟਰਪ੍ਰਾਈਜਿਜ਼ ਅਤੇ ਚੰਡੀਗੜ੍ਹ ਬੋਟਲਿੰਗ ਐਂਡ ਡਿਸਟਿਲਰਜ਼ ਲਿਮਟਿਡ ਦੇ ਨੁਮਾਇੰਦੇ ਤੋਂ ਇਲਾਵਾ ਬੇਲਰ ਅਪਰੇਟਰ ਹਾਜ਼ਰ ਸਨ।
ਡੀ ਸੀ ਨੇ ਪਰਾਲੀ ਨੂੰ ਬਾਲਣ ਵਜੋਂ ਵਰਤਣ ਵਾਲੇ ਜ਼ਿਲ੍ਹੇ ਦੇ ਉਦਯੋਗਾਂ ਨੂੰ ਜ਼ਿਲ੍ਹੇ ਦੇ ਕਿਸਾਨਾਂ ਤੋਂ ਵਧ ਤੋਂ ਵਧ ਪਰਾਲੀ ਇਕੱਠੀ ਕਰਕੇ ਖਪਤ ਕਰਨ ਲਈ ਪ੍ਰੇਰਿਤ ਕੀਤਾ


