ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਚੰਗੇ ਭਵਿੱਖ ਲਈ ਸ਼ਹਿਰੀਆਂ ਦਾ ਸਹਿਯੋਗ ਜਰੂਰੀ- ਡਾ. ਗਗਨ ਕੁੰਦਰਾ ਥੋਰੀ

Amritsar Politics Punjab

ਅੰਮ੍ਰਿਤਸਰ , 31 ਜੁਲਾਈ 2024–

ਰੈਡ ਕ੍ਰਾਸ ਸੋਸਾਇਟੀ ਅੰਮ੍ਰਿਤਸਰ ਦੇ ਪ੍ਰਧਾਨ ਡਾ ਗਗਨ ਕੁੰਦਰਾ ਥੋਰੀ ਆਈ ਆਰ ਐਸ ਨੇ ਤਹਿਸੀਲਪੁਰਾ ਇਲਾਕੇ ਵਿੱਚ ਡੀ ਏ ਵੀ ਸੰਸਥਾ ਦੇ ਸਹਿਯੋਗ ਨਾਲ ਰੈਡ ਕਰਾਸ ਅੰਮ੍ਰਿਤਸਰ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਸਹਾਇਤਾ ਲਈ ਚਲਾਏ ਜਾ ਰਹੇ ਸਪੈਸ਼ਲ ਸਕੂਲ ਪਹੁੰਚ ਕੇ ਇੱਥੇ ਸਿੱਖਿਆ ਲੈ ਰਹੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ।  ਉਹਨਾਂ ਇਸ ਮੌਕੇ ਇਨਾਂ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸ਼ਹਿਰ ਵਾਸੀਆਂ ਵੱਲੋਂ ਮਿਲ ਰਹੇ ਸਹਿਯੋਗ ਦਾ ਧੰਨਵਾਦ ਕਰਦੇ ਕਿਹਾ ਕਿ ਇਹ ਬੱਚੇ ਜੋ ਇੱਥੇ ਪੜ ਰਹੇ ਹਨ ਸਰੀਰਕ ਜਾਂ ਮਾਨਸਿਕ ਰੂਪ ਵਿੱਚ ਬਿਮਾਰ ਹਨ ਪਰ ਸਾਡੀ ਕੋਸ਼ਿਸ਼ ਇਹਨਾਂ ਨੂੰ ਪੈਰਾਂ ਸਿਰ ਕਰਨ ਅਤੇ ਸਿੱਖਿਅਤ ਕਰਨ ਦੀ ਹੈ, ਜਿਸ ਲਈ ਰੈਡ ਕ੍ਰਾਸ ਵੱਲੋਂ ਡੀ ਏ ਵੀ ਦੀ ਮੈਨੇਜਮੈਂਟ ਦੇ ਨਾਲ ਮਿਲ ਕੇ ਆਧੁਨਿਕ ਤਕਨੀਕਾਂ ਅਤੇ ਪ੍ਰੋਫੈਸ਼ਨਲ ਅਧਿਆਪਕਾਂ ਦੀ ਸਹਾਇਤਾ ਨਾਲ ਇਹ ਵਿਸ਼ੇਸ਼ ਸਕੂਲ ਚਲਾਇਆ ਜਾ ਰਿਹਾ ਹੈ।  ਉਹਨਾਂ ਦੱਸਿਆ ਕਿ ਸਕੂਲ ਵਿੱਚ ਸਿੱਖਿਆ ਲੈ ਰਹੇ ਬੱਚੇ ਸਹਿਜੇ ਸਹਿਜੇ ਸਮੇਂ ਦੇ ਹਾਣੀ ਬਣਨ ਵੱਲ ਵੱਧ ਰਹੇ ਹਨ,  ਜੋ ਕਿ ਸਾਡੇ ਲਈ ਤਸੱਲੀ ਵਾਲੀ ਗੱਲ ਹੈ । ਉਹਨਾਂ ਸ਼ਹਿਰ ਵਾਸੀਆਂ ਨੂੰ ਇਹਨਾਂ ਲੋੜਵੰਦ ਬੱਚਿਆਂ ਦੀ ਸਹਾਇਤਾ ਲਈ ਅੱਗੇ ਆਉਣ ਦਾ ਸੱਦਾ ਦਿੰਦੇ ਕਿਹਾ ਕਿ ਇੰਨਾਂ ਬੱਚਿਆਂ ਦੇ ਚੰਗੇ ਭਵਿੱਖ ਅਤੇ ਸਿੱਖਿਆ ਲਈ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ । ਉਹਨਾਂ ਸਕੂਲ ਦੇ ਮਿਹਨਤੀ ਸਟਾਫ ਅਤੇ ਮੈਨੇਜਮੈਂਟ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਦੇ ਹੌਸਲੇ ਵਧਾਏ ।

   ਇਸ ਮੌਕੇ ਮੈਨੇਜਰ ਡਾ ਨੀਲਮ ਕਾਮਰਾ,  ਰੈਡ ਕ੍ਰਾਸ ਦੇ ਕਾਰਜਕਾਰੀ ਸਕੱਤਰ ਸ਼੍ਰੀ ਸੈਮਸਨ ਮਸੀਹ ਅਤੇ ਹੋਰ ਸ਼ਖਸ਼ੀਅਤਾਂ ਵੀ ਹਾਜ਼ਰ ਸਨ।