ਮੁੱਖ ਖੇਤੀਬਾੜੀ ਅਫਸਰ ਨੇ ਝੋਨੇ ਦੀ ਪਰਾਲੀ ਨੂੰ ਮਿਟੀ ਵਿਚ ਮਿਲਾਉਣ ਦੇ ਦੱਸੇ ਨੁਕਤੇ

Politics Punjab S.A.S Nagar

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਅਕਤੂਬਰ:

ਡਿਪਟੀ ਕਮਿਸ਼ਨਰ ਐਸ ਏ ਐਸ ਨਗਰ ਸ੍ਰੀਮਤੀ ਆਸ਼ਿਕਾ ਜੈਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮੁੱਖ ਖੇਤੀਬਾੜੀ ਅਫਸਰ ਗੁਰਮੇਲ ਸਿੰਘ ਦੀ ਅਗਵਾਈ ਹੇਠ ਸਾਉਣੀ 2024-25 ਦੌਰਾਨ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧ ਲਈ ਖੇਤੀਬਾੜੀ ਵਿਭਾਗ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਉਪਰਾਲਿਆਂ ਅਧੀਨ ਜ਼ਿਲ੍ਹਾ ਐਸ ਏ ਐਸ ਨਗਰ ਨੂੰ 8000 ਪੈਕੇਟ (750 ਗ੍ਰਾਮ) ਪਰਾਲੀ ਗਾਲਣ ਲਈ ਬਾਇਓ ਡੀਕੰਪੋਜਰ ਦੇ ਟ੍ਰਾਇਲ ਦਿੱਤੇ ਗਏ ਹਨ। ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇੱਕ ਪੈਕੇਟ (750 ਗ੍ਰਾਮ) ਪੂਸਾ ਡੀਕੰਪੋਜਰ ਪਾਊਡਰ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਮਿਸ਼ਰਨ ਨੂੰ ਇੱਕ ਏਕੜ ਜਮੀਨ ਤੇ ਸਪਰੇ ਮਸ਼ੀਨ ਦੀ ਸਹਾਇਤਾ ਨਾਲ ਛਿੜਕਾ ਕੀਤਾ ਜਾਵੇ ਅਤੇ ਰੋਟਾਵੇਟਰ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਨੂੰ ਮਿੱਟੀ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਤਿਆਰ ਕਰਨ ਲਈ ਕਿਹਾ। ਉਹਨਾਂ ਨੇ ਜਾਣਕਾਰੀ ਦਿੱਤੀ ਕਿ ਅਜਿਹਾ ਕਰਨ ਦੇ 15-20 ਦਿਨਾਂ ਬਾਅਦ ਅਗਲੀ ਫਸਲ ਬੀਜੀ ਜਾ ਸਕਦੀ ਹੈ। ਮੁੱਖ ਖੇਤੀਬਾੜੀ ਅਫਸਰ ਨੇ ਜਾਣਕਾਰੀ ਦਿੱਤੀ ਕਿ 1 ਮੀ ਟਨ ਪਰਾਲੀ ਭੂਮੀ ਵਿੱਚ ਮਿਲਾਉਣ ਨਾਲ 5.5 ਕਿੱਲੋ ਨਾਈਟ੍ਰੋਜਨ 2-3 ਕਿਲੋ ਫਾਸਫੋਰਸ ਅਤੇ 50 ਕਿਲੋ ਪੋਟਾਸੀਅਮ ਤੱਤਾਂ ਦਾ ਵਾਧਾ ਹੁੰਦਾ ਹੈ। ਉਹਨਾਂ ਨੇ ਦੱਸਿਆ ਕਿ ਜਿਨ੍ਹਾਂ ਪਿੰਡਾਂ ਵਿੱਚ ਮਸ਼ੀਨਰੀ ਦੀ ਉਪਲੱਬਧਤਾ  ਨਹੀ ਹੈ, ਉੱਥੇ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਲਈ ਡੀਕੰਪੋਜਰ ਦੀ ਵਰਤੋ ਕੀਤੀ ਜਾ ਸਕਦੀ ਹੈ।

ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਗਾਲਣ ਲਈ ਡੀਕੰਪੋਜਰ,ਬਲਾਕ ਦੇ ਖੇਤੀਬਾੜੀ ਦਫਤਰਾਂ ਤੋਂ ਮੁਫਤ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ।