ਮਲੋਟ / ਸ੍ਰੀ ਮੁਕਤਸਰ ਸਾਹਿਬ, 24 ਸਤੰਬਰ
ਪੰਜਾਬ ਸਰਕਾਰ ਲੋੜਵੰਦਾਂ ਨੂੰ ਬੁਨਿਆਦੀ ਸਹੂਲਤਾਵਾਂ ਦੇਣ ਲਈ ਬਚਣਵੱਧ ਹੈ, ਜਿਸ ਲਈ ਕਿਸੇ ਵੀ ਵਰਗ ਦੇ ਲੋਕਾਂ ਨੂੰ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ, ਇਸ ਗੱਲ ਦਾ ਪ੍ਰਗਟਾਵਾ ਡਾ.ਬਲਜੀਤ ਕੌਰ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਪੰਜਾਬ ਨੇ ਆਪਣੇ ਮਲੋਟ ਵਿਧਾਨ ਸਭਾ ਹਲਕੇ ਮਲੋਟ ਦੇ ਵੱਖ-ਵੱਖ ਪਿੰਡਾਂ ਵਿੱਚ ਅੱਜ ਮਕਾਨ ਬਨਾਉਣ ਲਈ ਜਾਰੀ ਕੀਤੇ ਗਏ ਸੈਂਕਸ਼ਨ ਪੱਤਰ ਵੰਡਦਿਆਂ ਕੀਤਾ।
ਇਕ ਸਾਦੇ ਸਮਾਗਮ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਿਤ ਹੁੰਦਿਆਂ ਉਹਨਾਂ ਕਿਹਾ ਕਿ ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਵਲੋਂ ਜਿੱਥੇ ਲੋਕਾਂ ਨੂੰ ਸਿਹਤ ਸਹੂਲਤਾਵਾਂ ਤੋਂ ਇਲਾਵਾ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਯਤਨਸ਼ੀਲ ਹੈ, ਉਥੇ ਹੀ ਗਰੀਬ ਅਤੇ ਲੋੜਵੰਦਾਂ ਨੂੰ ਬੁਨਿਆਦੀ ਸਹੂਲਤਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਆਰਥਿਕ ਤੌਰ ਤੇ ਕਮਜੌਰ ਵਰਗ ਦੇ ਲੋਕਾਂ ਨੂੰ ਆਪਣੇ ਪੈਰਾ ਤੇ ਖੜ੍ਹਾ ਹੋਣ ਲਈ ਠੋਸ ਉਪਰਾਲੇ ਕਰਨ ਵਿੱਚ ਵਿਫਲ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਵਿਫਲਤਾ ਦਾ ਜਿਉਂਦਾ ਜਾਗਦਾ ਉਦਾਹਰਨ ਉਹ ਲੋਕ ਹਨ, ਜਿਹਨਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਦਫਤਰਾਂ ਵਿੱਚ ਨੌਕਰਸ਼ਾਹੀ ਅਤੇ ਤਾਨਾਸ਼ਾਹੀ ਕਾਰਨ ਨਮੋਸ਼ੀ ਝਲਣੀ ਪਈ ਹੈ। ਉਹਨਾਂ ਕਿਹਾ ਕਿ ਹੁਣ ਜਦੋ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਸਰਕਾਰ ਬਣ ਚੁੱਕੀ ਹੈ ਤਾਂ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮਾਂ ਤਹਿਤ ਇਸ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਦਿਵਾਈ ਗਈ ਹੈ।
ਇਕ ਹੋਰ ਸਮਾਗਮ ਦੌਰਾਨ ਸ.ਜਗਦੀਪ ਸਿੰਘ ਕਾਕਾ ਬਰਾੜ ਹਲਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਨੇ ਵੀ ਪਿੰਡ ਬਧਾਈ, ਚੌਤਰਾ, ਕਾਲਾ ਸਿੰਘ ਵਾਲਾ, ਅਕਾਲਗੜ੍ਹ,ਗੁਲਾਬੇਵਾਲਾ ਅਤੇ ਜਵਾਹਰੇਵਾਲਾ ਦੇ ਲੋੜਵੰਦਾਂ ਨੂੰ ਆਪਣੇ ਮਕਾਨ ਬਨਾਉਣ ਲਈ ਪਹਿਲੀ ਕਿਸ਼ਤ ਤੇ ਸੈਕਸ਼ਨ ਪੱਤਰ ਵੰਡੇ।
ਉਹਨਾਂ ਲੋਕਾਂ ਨੂੰ ਆਪਣੇ ਸੰਬੋਧਨ ਵਿੱਚ ਲਾਭਪਾਤਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਉਹ ਦਿਨ ਲੱਦ ਗਏ ਹਨ, ਜਦੋ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਦਫਤਰਾਂ ਵਿੱਚ ਖੱਜਲ ਹੋਣਾਂ ਪੈਂਦਾ ਸੀ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਸੇ ਤਰ੍ਹਾਂ ਹੀ ਹਰ ਹੀਲੇ ਲੋਕਾਂ ਦੀ ਪੁਰਜ਼ੋਰ ਸੇਵਾ ਕਰਦੀ ਰਹੇਗੀ ਤਾਂ ਜੋ ਹਾਸ਼ੀਏ ਤੇ ਆਏ ਲੋਕਾਂ ਦਾ ਪੱਧਰ ਉਚਾ ਕੀਤਾ ਜਾ ਸਕੇ।
ਇਸ ਮੌਕੇ ਹੋਰਨਾ ਤੋਂ ਇਲਾਵਾ ਸ.ਜਗਦੇਵ ਸਿੰਘ ਬਾਮ, ਸ੍ਰੀ ਸੁਖਜਿੰਦਰ ਸਿੰਘ ਬੱਬਲੂ ਬਰਾੜ ਪ੍ਰਧਾਨ ਟਰੱਕ ਯੂਨੀਅਨ, ਚੇਅਰਮੈਨ ਸੁਰਜੀਤ ਸਿੰਘ ਤੋਂ ਇਲਾਵਾ ਪਤਵੰਤੇ ਵਿਅਕਤੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਲੋੜਵੰਦਾਂ ਨੂੰ ਆਪਣੇ ਮਕਾਨ ਬਨਾਉਣ ਲਈ ਵੰਡੇ ਸੈਂਕਸ਼ਨ ਪੱਤਰ


