ਵੋਟਾਂ ਪ੍ਰਤੀ ਜਾਗਰੂਕਤਾ ਅਭਿਆਨ ਵਿੱਚ ਆਈ ਤੇਜੀ 

Faridkot

ਫ਼ਰੀਦਕੋਟ 18 ਅਪ੍ਰੈਲ,2024

ਅੱਜ ਟਿੱਲਾ ਬਾਬਾ ਫਰੀਦ ਦੇ ਬਾਹਰ ਲੋਕਾਂ ਨੂੰ ਵੋਟਾਂ ਦੇ ਹੱਕ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਹੋਰ ਤੇਜ਼ੀ ਲਿਆਂਦੀ ਗਈ ਜਿਸ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਅਤੇ ਅਧਿਕਾਰੀਆਂ ਦੀ ਸਮੁੱਚੀ ਟੀਮ ਵੱਲੋਂ ਸਪੈਸ਼ਲ ਬੂਥ ਲਗਾਇਆ ਗਿਆ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਚੋਣ ਦਫ਼ਤਰ ਪੰਜਾਬ ਵੱਲੋਂ ਹਰੇਕ ਪੋਲਿੰਗ ਸਟੇਸ਼ਨ ਉਤੇ ਵੋਟਰਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਵਾਰ ਹਰੇਕ ਪੋਲਿੰਗ ਸਟੇਸ਼ਨ ਉਤੇ ਪੱਖਿਆਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਹਰੇਕ ਪੋਲਿੰਗ ਸਟੇਸ਼ਨ ਵਿੱਚ ਲੋਕਾਂ ਅਤੇ ਡਿਊਟੀ ਨਿਭਾਉਣ ਵਾਲੇ ਅਮਲੇ ਲਈ ਸਾਫ਼ ਸਫਾਈ, ਸ਼ੁੱਧ ਪੀਣ ਵਾਲੇ ਪਾਣੀ ਦਾ ਖਾਸ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਟਿੱਕਰ ਰਿਲੀਜ਼ ਕੀਤਾ ਅਤੇ ਟੀ.ਸ਼ਰਟਾਂ ਵੰਡੀਆਂ । ਇਸ ਤੋਂ ਇਲਾਵਾ  ਸਟਿੱਕਰ ਵਹੀਕਲਾਂ ਤੇ ਲਗਵਾਏ ਗਏ ਅਤੇ ਰੈਲੀ ਦੇ ਸਲੋਗਨ ਰਲੀਜ ਕੀਤੇ ਗਏ। ਡਿਪਟੀ ਕਮਿਸ਼ਨਰ ਨੇ ਵੱਖ ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।

ਉਨ੍ਹਾਂ  ਕਿਹਾ  ਕਿ ਜਿਲ੍ਹਾ ਪ੍ਰਸ਼ਾਸਨ ਚੋਣ ਕਮਿਸ਼ਨ ਦੇ ਇਸ ਵਾਰ 70 ਪਾਰ ਦੇ ਨਾਅਰੇ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਇਲਾਕੇ ਦਾ ਬਾਸ਼ਿੰਦਾ ਜੋ ਕਿ 18 ਸਾਲ ਤੋਂ ਉੱਪਰ ਹੈ ਵੋਟ ਪਾਉਣ ਤੋਂ ਵਾਂਝਾ ਨਾ ਰਹੇ। ਉਹਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਚੋਣਾਂ ਵਿੱਚ ਵਧ ਚੜ ਕੇ ਹਿੱਸਾ ਲੈਣ ਅਤੇ ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਹੋਰ ਮਜਬੂਤ ਕਰਨ ਵਿੱਚ ਯੋਗਦਾਨ ਪਾਉਣ । ਉਨ੍ਹਾਂ ਕਿਹਾ ਕਿ 85 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵੋਟਰ ਅਤੇ ਦਿਵਿਆਂਗ ਵਿਅਕਤੀ ਜੋ ਆਪਣੀ ਵੋਟ ਪਾਉਣ ਲਈ ਪੋਲਿੰਗ ਬੂਥ ’ਤੇ ਪਹੁੰਚਣ ਤੋਂ ਅਸਮਰਥ ਹਨ, ਉਨ੍ਹਾਂ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਪਣੇ ਘਰ ਤੋਂ ਹੀ ਵੋਟ ਪਾਉਣ ਦੀ ਵਿਸ਼ੇਸ਼ ਸਹੂਲਤ ਦਿੱਤੀ ਜਾ ਰਹੀ ਹੈ।

ਡਿਪਟੀ ਡੀ.ਈ.ਓ-ਕਮ ਜ਼ਿਲ੍ਹਾ ਨੋਡਲ ਅਫਸਰ ਸਵੀਪ ਸ੍ਰੀ ਪ੍ਰਦੀਪ ਦਿਉੜਾ ਨੇ ਇਸ ਮੌਕੇ ਵੋਟਰ ਪ੍ਰਣ ਕਰਵਾਇਆ। ਇਸ ਤੋਂ ਇਲਾਵਾ ਇੱਕ ਸੈਲਫੀ ਪੁਆਇੰਟ ਸਥਾਪਿਤ ਕੀਤਾ ਗਿਆ ਜੋ ਕਿ ਆਕਰਸ਼ਨ ਦਾ ਕੇਂਦਰ ਬਣਿਆ। ਮੰਚ ਸੰਚਾਲਨ ਦੀ ਭੂਮਿਕਾ ਸ੍ਰੀ ਜਸਬੀਰ ਜੱਸੀ ਸਹਾਇਕ ਨੋਡਲ ਅਫਸਰ ਵਲੋਂ ਨਿਭਾਈ ਗਈ।

 ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਜ) ਸ. ਜਗਜੀਤ ਸਿੰਘ, ਸ੍ਰੀਮਤੀ ਵੀਰਪਾਲ ਕੌਰ ਐਸ.ਡੀ.ਐਮ ਕੋਟਕਪੂਰਾ, ਸ੍ਰੀਮਤੀ ਹਰਜਿੰਦਰ ਕੌਰ ਚੋਣ ਤਹਿਸੀਲਦਾਰ,ਸ੍ਰੀ ਸੁਰਿੰਦਰ ਪਾਲ ਸਿੰਘ ਸੋਨੀ ਟੀਮ ਮੈਂਬਰ ਸਵੀਪ, ਡਾ. ਗੁਰਿੰਦਰ ਮੋਹਨ ਸਿਘ, ਪ੍ਰਬੰਧਕ ਬਾਬਾ ਫਰੀਦ ਵਿੱਦਿਅਕ ਸੰਸਥਾਵਾਂ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਪ੍ਰਵੀਨ ਕਾਲਾ, ਚੇਅਰਮੈਨ ਸਹਾਰਾ ਸੇਵਾ ਸੁਸਾਇਟੀ, ਸ. ਜਗਜੀਤ ਸਿੰਘ ਚਾਹਲ, ਗਰੁਚਰਨ ਸਿੰਘ, ਗੁਰਮੇਲ ਸਿੰਘ ਜੱਸਲ , ਰਜਨੀਸ਼ ਗਰੋਵਰ, ਡਾ. ਆਰ.ਕੇ.ਆਨੰਦ  ਹਾਜ਼ਰ ਸਨ।