ਮਾਨਸਾ, 25 ਅਕਤੂਬਰ :
ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਲਈ ਵੱਖ-ਵੱਖ ਸੰਸਥਾਵਾਂ ਵਿਖੇ ਐਕਸਪੋਜ਼ਰ ਦੌਰੇ ਕਰਵਾਉਣ ਦੇ ਮੰਤਵ ਨਾਲ ਅੱਜ 11 ਜਮਾਤ ਦੇ ਵਿਦਿਆਰਥੀਆਂ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਐਕਸਪੋਜ਼ਰ ਦੌਰੇ ਦਾ ਮੰਤਵ ਵੱਖ-ਵੱਖ ਸੰਸਥਾਵਾਂ ਵਿਖੇ ਮਾਹਿਰਾਂ ਨਾਲ ਗੱਲਬਾਤ ਰਾਹੀਂ ਵਿਦਿਆਰਥੀਆਂ ਦੇ ਵਿੱਦਿਅਕ ਅਨੁਭਵ ਨੂੰ ਵਧਾਉਣਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਖੇਤਰ ਨਾਲ ਸਬੰਧਤ ਵੱਖ-ਵੱਖ ਪੱਖਾਂ ਦੀ ਵਿਹਾਰਕ ਸਾਂਝ ਪ੍ਰਦਾਨ ਕਰਨਾ ਹੈ, ਤਾਂ ਜੋ ਵਿਦਿਆਰਥੀ ਆਪਣੇ ਕੈਰੀਅਰ ਦੀ ਚੋਣ ਬਾਰੇ ਫੈਸਲੇ ਲੈਣ ਦੇ ਸਮਰੱਥ ਬਣ ਸਕਣ।
ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰਸ਼ਾਸਨਿਕ ਕੰਮਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਸਾਰਾ ਪ੍ਰਸ਼ਾਸਨ ਇੱਕ ਸਿਸਟਮ ਦੇ ਤਹਿਤ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਲਈ ਸਾਨੂੰ ਉਨ੍ਹਾਂ ਸਕੀਮਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਯੂ.ਪੀ.ਐਸ.ਸੀ. ਅਤੇ ਹੋਰ ਟੈਸਟਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਅਤੇ ਕਿਸ ਤਰ੍ਹਾਂ ਟੈਸਟ ਪਾਸ ਕਰਨ ਲਈ ਤਿਆਰੀ ਕਰਨੀ ਚਾਹੀਦੀ ਹੈ, ਉਸ ਸਬੰਧੀ ਵੀ ਵਿਸਥਾਰ ਨਾਲ ਸਮਝਾਇਆ। ਉਨ੍ਹਾਂ ਵਿਦਿਆਰਥੀਆਂ ਨਾਲ ਆਪਣੇ ਪੜ੍ਹਾਈ ਸਮੇਂ ਦੇ ਤਜ਼ਰਬੇ ਵੀ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਅਤੇ ਆਤਮ-ਵਿਸ਼ਵਾਸ ਨਾਲ ਇਮਤਿਹਾਨਾਂ ਦੀ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਸਿੰਘ ਅਤੇ ਪ੍ਰਿੰਸੀਪਲ ਸਕੂਲ ਆਫ਼ ਐਮੀਨੈਂਸ ਸ਼੍ਰੀ ਵਿਜੈ ਕੁਮਾਰ ਮਿੱਢਾ ਨੇ ਦੱਸਿਆ ਕਿ ਅੱਜ ਸਕੂਲ ਆਫ਼ ਐਮੀਨੈਂਸ ਦੇ ਸਾਇੰਸ ਅਤੇ ਆਰਟਸ ਵਿਸ਼ੇ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਮਾਨਸਾ ਨਾਲ ਗੱਲਬਾਤ ਰਾਹੀਂ ਪ੍ਰਸ਼ਾਸਨਿਕ ਕੰਮਾਂ ਨੂੰ ਸਮਝਿਆ। ਇਸ ਤੋਂ ਇਲਾਵਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਬੈਂਕ ਵਿਖੇ ਵੀ ਦੌਰਾ ਕੀਤਾ ਗਿਆ ਅਤੇ ਬੈਂਕਾਂ ਵਿੱਚ ਕਿਸ ਢੰਗ ਨਾਲ ਕੰਮ ਹੁੰਦਾ ਹੈ, ਉਸਦੀ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਐਕਸਪੋਜ਼ਰ ਦੌਰੇ ਕਰਵਾਉਣ ਦਾ ਮਕਸਦ ਵਿਦਿਆਰਥੀਆਂ ਅਤੇ ਆਪਣੇ ਖੇਤਰ ਵਿੱਚ ਮਾਹਿਰਾਂ ਵਿੱਚਕਾਰ ਤਾਲਮੇਲ ਦੀ ਸਹੂਲਤ ਪ੍ਰਦਾਨ ਕਰਨਾ ਅਤੇ ਵਿਦਿਆਰਥੀਆਂ ਨੂੰ ਸੰਸਥਾਗਤ ਅਭਿਆਸਾਂ ਦੀ ਸਮਝ ਪ੍ਰਾਪਤ ਕਰਨ ਦੇ ਯੋਗ ਬਣਾਉਣਾ ਹੈ।
ਇਸ ਮੌਕੇ ਲੈਕਚਰਾਰ ਸੁਰਿੰਦਰ ਮਿੱਤਲ, ਕਿਰਨਪ੍ਰੀਤ ਕੌਰ, ਮੈਡਮ ਸ਼ਿਵਾਲੀ ਅਤੇ ਸਾਇੰਸ ਅਧਿਆਪਕ ਪੂਨਮ ਅਗਰਵਾਲ ਤੋਂ ਇਲਾਵਾ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀ ਮੌਜੂਦ ਸਨ।
ਐਕਸਪੋਜ਼ਰ ਦੌਰਿਆਂ ਦਾ ਮੰਤਵ ਵਿਦਿਆਰਥੀਆਂ ਦੇ ਵਿੱਦਿਅਕ ਅਨੁਭਵ ਨੂੰ ਵਧਾਉਣਾ ਹੈ-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ


