ਮੋਗਾ, 12 ਮਈ (000) – ਜ਼ਿਲ੍ਹਾ ਮੋਗਾ ਦੇ ਕਿਸਾਨ, ਖਾਸ ਕਰਕੇ ਔਰਤ, ਦੁੱਧ ਉਤਪਾਦਕਾਂ, ਨੂੰ ਤਕਨੀਕੀ ਤੌਰ ਉੱਤੇ ਹੋਰ ਮਜ਼ਬੂਤ ਬਣਾਉਣ ਲਈ ਅਤੇ ਜ਼ਿਲ੍ਹਾ ਮੋਗਾ ਵਿੱਚ ਪਸ਼ੂ ਪਾਲਣ ਧੰਦੇ ਨੂੰ ਹੋਰ ਪ੍ਰਫੁਲਿਤ ਅਤੇ ਲਾਭਦਾਇਕ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਪਹਿਲਕਦਮੀ ਕੀਤੀ ਹੈ। ਇਸ ਤਹਿਤ ਜ਼ਿਲ੍ਹਾ ਮੋਗਾ ਦੀਆਂ ਕਿਸਾਨ ਉਤਪਾਦਕ ਕਮੇਟੀਆਂ ਅਤੇ ਹਾਲੈਂਡ ਦੀ ਇਕ ਗੈਰ ਸਰਕਾਰੀ ਸੰਸਥਾ ਵਿਚਾਲੇ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਇਸ ਸੰਸਥਾ (ਪੀ ਯੂ ਐਮ) ਦੇ ਐਕਸਪਰਟ ਮਿਸਟਰ ਜੌਹਨ ਵੈਨ ਡੇਨ ਬਰਗ ਬੀਤੇ ਦਿਨੀਂ ਮੋਗਾ ਆ ਕੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ।
ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਸਮਝੌਤਾ ਸਹੀਬੱਧ ਹੋਣ ਨਾਲ ਪਸ਼ੂ ਪਾਲਣ ਧੰਦੇ ਨੂੰ ਹੋਰ ਪ੍ਰਫੁਲਿਤ ਅਤੇ ਲਾਭਦਾਇਕ ਬਣਾਉਣ ਲਈ ਜਾਣਕਾਰੀਆਂ ਅਤੇ ਤਜ਼ਰਬਿਆਂ ਅਦਾਨ ਪ੍ਰਦਾਨ ਹੋ ਸਕੇਗਾ। ਜਿਸ ਨਾਲ ਜ਼ਿਲ੍ਹਾ ਮੋਗਾ ਦੇ ਕਿਸਾਨਾਂ ਖਾਸ ਕਰਕੇ ਔਰਤ ਕਿਸਾਨਾਂ ਨੂੰ ਬਹੁਤ ਲਾਭ ਮਿਲੇਗਾ। ਇਸ ਮਿਸ਼ਨ ਨੂੰ ਸਫ਼ਲ ਕਰਨ ਲਈ ਐੱਚ ਡੀ ਐੱਫ ਸੀ ਪਰਿਵਰਤਨ ਉਪਰਾਲੇ ਤਹਿਤ ਗ੍ਰਾਂਟ ਥੋਰਨਟੋਂਨ ਭਾਰਤ ਐੱਲ ਐੱਲ ਪੀ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ।
ਮਿਸਟਰ ਜੌਹਨ ਵੈਨ ਡੇਨ ਬਰਗ, ਜੋ ਕਿ ਵਿਸ਼ਵ ਭਰ ਵਿੱਚ ਚਿਰ ਸਦੀਵੀ ਡੇਅਰੀ ਪ੍ਰਯੋਗਾਂ ਲਈ ਜਾਣੇ ਜਾਂਦੇ ਹਨ, ਨੇ ਦੱਸਿਆ ਕਿ ਇਸ ਸਮਝੋਤੇ ਤਹਿਤ ਡੇਅਰੀ ਫਾਰਮਿੰਗ ਤਕਨੀਕਾਂ ਦੇ ਵਿਕਾਸ, ਪਸ਼ੂਆਂ ਦੀ ਸਿਹਤ ਸੰਭਾਲ, ਲੋੜੀਂਦੇ ਚਾਰੇ ਦੀ ਸੁਚੱਜੀ ਵਰਤੋਂ ਆਦਿ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਜਾਵੇਗਾ। ਗ੍ਰਾਂਟ ਥੋਰਨਟੋਂਨ ਭਾਰਤ ਐੱਲ ਐੱਲ ਪੀ ਦੇ ਪ੍ਰਬੰਧਕ ਸ੍ਰ ਮਨਪ੍ਰੀਤ ਸਿੰਘ ਨੇ ਇਸ ਸਮਝੌਤੇ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਉਮੀਦ ਜਤਾਈ ਕਿ ਇਸ ਨਾਲ ਜਲਦ ਹੀ ਬਹੁਤ ਚੰਗੇ ਨਤੀਜੇ ਮਿਲਣ ਲੱਗਣਗੇ।