ਨਸ਼ਾ ਕਰਨ ਵਾਲੇ ਹਰੇਕ ਰੋਗੀ ਦੇ ਘਰ ਤੱਕ ਦਸਤਕ ਦੇਵੇਗਾ ਪ੍ਰਸ਼ਾਸਨ- ਡਿਪਟੀ ਕਮਿਸ਼ਨਰ

Amritsar Politics Punjab

ਅੰਮ੍ਰਿਤਸਰ 3 ਫਰਵਰੀ 2025–

ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚੋਂ ਨਸ਼ੇ ਦੇ ਖਾਤਮੇ ਲਈ ਬਣਾਈ ਰਣਨੀਤੀ ਤਹਿਤ ਨਸ਼ਾ ਕਰਨ ਵਾਲੇ ਹਰੇਕ ਰੋਗੀ ਦੇ ਘਰ ਤੱਕ ਪਹੁੰਚ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਅੱਜ ਇਸ ਸਬੰਧੀ ਜਿਲਾ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਵਿੱਚ ਉਹਨਾਂ ਕਿਹਾ ਕਿ ਸਾਡੇ ਕੋਲ 43 ਓਟ ਸੈਂਟਰ ਚੱਲ ਰਹੇ ਹਨ, ਜਿੰਨਾ ਵਿੱਚ 22484 ਮਰੀਜ਼ ਰਜਿਸਟਰਡ ਹਨ, ਜਦ ਕਿ ਰੋਜ਼ਾਨਾ 15 ਤੋਂ 16 ਹਜਾਰ ਵਿਅਕਤੀ ਓਟ ਸੈਂਟਰਾਂ ਵਿੱਚ ਦਵਾਈ ਲੈਣ ਲਈ ਪਹੁੰਚ ਕਰ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਅਸੀਂ ਪੰਚਾਇਤਾਂ, ਮਾਲ ਵਿਭਾਗ, ਨੰਬਰਦਾਰਾ ਅਤੇ ਆਸ਼ਾ ਵਰਕਰਾਂ ਨੂੰ ਨਾਲ ਲੈ ਕੇ ਇਹਨਾਂ ਪਰਿਵਾਰਾਂ ਤੱਕ ਪਹੁੰਚ ਕਰਾਂਗੇ ਕਿ ਉਹ ਆਪਣੇ ਬੱਚਿਆਂ ਨੂੰ ਨਸ਼ੇ ਦੇ ਰੋਗ ਤੋਂ ਪੱਕੇ ਤੌਰ ਉੱਤੇ ਮੁਕਤ ਕਰਨ ਲਈ ਜਿਲੇ ਵਿੱਚ ਚਲਾਏ ਜਾ ਰਹੇ ਨਸ਼ਾ ਛਡਾਊ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਪਹੁੰਚ ਕਰਨ। ਉਹਨਾਂ ਦੱਸਿਆ ਕਿ ਇੰਨਾ ਕੇਂਦਰਾਂ ਵਿੱਚ ਮਰੀਜ਼ ਦੀ ਦਵਾਈ ਮੁਫਤ ਹੈ, ਇਸ ਤੋਂ ਇਲਾਵਾ ਖਾਣਾ ਵੀ ਮੁਫਤ ਦਿੱਤਾ ਜਾਂਦਾ ਹੈ ਅਤੇ ਮਰੀਜ਼ ਨੂੰ ਮਾਨਸਿਕ ਤੌਰ ਉੱਤੇ ਨਸ਼ਾ ਛੱਡਣ ਲਈ ਮਾਹਿਰਾਂ ਦੀ ਸਹਾਇਤਾ ਵੀ ਲਈ ਜਾਂਦੀ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਮੁੜ ਵਸੇਬਾ ਕੇਂਦਰਾਂ ਵਿੱਚ ਨਸ਼ੇ ਦੇ ਰੋਗੀਆਂ ਨੂੰ ਨਵੀਂ ਜ਼ਿੰਦਗੀ ਦੇਣ ਲਈ ਉਹਨਾਂ ਦੀ ਇੱਛਾ ਅਨੁਸਾਰ ਹੁਨਰ ਮੰਦ ਬਣਾਇਆ ਜਾਂਦਾ ਹੈ ਤਾਂ ਜੋ ਉਹ ਆਪਣੀ ਰੋਜ਼ੀ ਰੋਟੀ ਕਮਾ ਕੇ ਸਮਾਜ ਵਿੱਚ ਇੱਜਤ ਨਾਲ ਵਿਚਰਨ। ਉਹਨਾਂ ਦੱਸਿਆ ਕਿ ਸਾਡੀ ਇਹ ਵੀ ਕੋਸ਼ਿਸ਼ ਹੋਵੇਗੀ ਕਿ ਜਿਹੜਾ ਵਿਅਕਤੀ ਨਸ਼ੇ ਦਾ ਰੋਗ ਛੱਡ ਕੇ ਹੁਨਰਮੰਦ ਬਣ ਚੁੱਕਿਆ ਹੈ, ਨੂੰ ਰੁਜ਼ਗਾਰ ਵੀ ਦਵਾਇਆ ਜਾਵੇ।

      ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਕੇਂਦਰਾਂ ਵਿੱਚ ਪਹੁੰਚਣ, ਇਲਾਜ ਕਰਵਾਉਣ ਜਾਂ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਅਤੇ ਸਹਾਇਤਾ ਲਈ ਫੋਨ ਨੰਬਰ 1800 137 6754 ਉੱਪਰ ਸੰਪਰਕ ਕਰਨ।  ਉਹਨਾਂ ਇਹ ਵੀ ਐਲਾਨ ਕੀਤਾ ਕਿ ਜੋ ਵੀ ਆਸ਼ਾ ਵਰਕਰ ਨਸ਼ਾ ਮੁਕਤੀ ਦੇ ਇਸ ਪ੍ਰੋਗਰਾਮ ਵਿੱਚ ਵੱਡਾ ਯੋਗਦਾਨ ਪਾਵੇਗੀ, ਉਸ ਨੂੰ ਨਗਦ ਰਾਸ਼ੀ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਉਹਨਾਂ ਇਸ ਮੌਕੇ ਡਰੱਗ ਕੰਟਰੋਲਰ ਨੂੰ ਹਦਾਇਤ ਕੀਤੀ ਕਿ ਉਹ ਦਵਾਈਆਂ ਦੀਆਂ ਦੁਕਾਨਾਂ ਦੀ ਨਿਰੰਤਰ ਜਾਂਚ ਕਰਨ ਤਾਂ ਜੋ ਉਹ ਨਸ਼ੇ ਦੀਆਂ ਦਵਾਈਆਂ ਨਾ ਵੇਚ ਸਕਣ।

Leave a Reply

Your email address will not be published. Required fields are marked *