ਮਾਨਸਾ, 09 ਫਰਵਰੀ :
ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਨਿਰਮਲ ਓਸੇਪਚਨ ਨੇ ਜ਼ਿਲ੍ਹੇ ਦੇ ਸਾਈਬਰ ਕੈਫੇ, ਐਸ.ਟੀ.ਡੀ. ਅਤੇ ਪੀ.ਸੀ.ਓ. ਮਾਲਕਾਂ ਲਈ ਹੁਕਮ ਜਾਰੀ ਕਰਦਿਆਂ ਹਦਾਇਤ ਕੀਤੀ ਹੈ ਕਿ ਕਿਸੇ ਅਣਜਾਣ ਵਿਅਕਤੀ, ਜਿਸਦੀ ਪਹਿਚਾਣ ਸਾਈਬਰ ਕੈਫੇ ਅਤੇ ਐਸ.ਟੀ.ਡੀ./ਪੀ.ਸੀ.ਓ. ਦੇ ਮਾਲਕ ਵੱਲੋਂ ਨਹੀਂ ਕੀਤੀ ਗਈ, ਨੂੰ ਸਾਈਬਰ ਕੈਫੇ ਅਤੇ ਐਸ.ਟੀ.ਡੀ./ਪੀ.ਸੀ.ਓ. ਦੀ ਵਰਤੋਂ ਕਰਨ ’ਤੇ ਰੋਕ ਲਗਾਈ ਜਾਵੇ, ਸਾਈਬਰ ਕੈਫੇ ਅਤੇ ਐਸ.ਡੀ.ਟੀ./ਪੀ.ਸੀ.ਓ. ਦੀ ਵਰਤੋਂ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਦੇ ਰਿਕਾਰਡ ਲਈ ਰਜਿਸਟਰ ਲਗਾਇਆ ਜਾਵੇ।
ਹੁਕਮ ਵਿੱਚ ਕਿਹਾ ਗਿਆ ਕਿ ਸਾਈਬਰ ਕੈਫੇ ਅਤੇ ਐਸ.ਟੀ.ਡੀ./ਪੀ.ਸੀ.ਓ. ਦੀ ਵਰਤੋਂ ਕਰਨ ਵਾਲੇ ਦਾ ਨਾਮ, ਘਰ ਦਾ ਪਤਾ, ਟੈਲੀਫੋਨ ਨੰਬਰ ਅਤੇ ਪਹਿਚਾਣ ਸਬੰਧੀ ਸਬੂਤ ਦਾ ਇੰਦਰਾਜ ਰਜਿਸਟਰ ਵਿੱਚ ਕੀਤਾ ਜਾਵੇ ਅਤੇ ਉਸ ਵਿਅਕਤੀ ਤੋਂ ਇਸ ਮੰਤਵ ਲਈ ਰੱਖੇ ਗਏ ਰਜਿਸਟਰ ਵਿੱਚ ਦਸਤਖ਼ਤ ਜਾਂ ਨਿਸ਼ਾਨ ਅੰਗੂਠਾ ਵੀ ਕਰਵਾਏ ਜਾਣ। ਇਸ ਤੋਂ ਇਲਾਵਾ ਸਾਈਬਰ ਕੈਫੇ ਅਤੇ ਐਸ.ਟੀ.ਡੀ./ਪੀ.ਸੀ.ਓ. ਦੀ ਵਰਤੋਂ ਕਰਨ ਵਾਲੇ ਵਿਅਕਤੀ ਦੀ ਸ਼ਨਾਖ਼ਤ ਉਸ ਦੇ ਪਹਿਚਾਣ ਪੱਤਰ, ਵੋਟਰ ਕਾਰਡ, ਰਾਸ਼ਨ ਕਾਰਡ, ਡਰਾਈਵਿੰਗ ਲਾਇਸੰਸ, ਪਾਸਪੋਰਟ ਅਤੇ ਫੋਟੋ ਕਰੈਡਿਟ ਕਾਰਡ ਨਾਲ ਕੀਤੀ ਜਾਵੇ, ਐਕਟੀਵਿਟੀ ਸਰਵਰ ਲੌਗਇਨ ਮੁੱਖ ਸਰਵਰ ਵਿੱਚ ਸੁਰੱਖਿਅਤ ਹੋਵੇਗਾ ਅਤੇ ਇਸ ਰਿਕਾਰਡ ਮੁੱਖ ਸਰਵਰ ਵਿੱਚ ਘੱਟੋ-ਘੱਟ ਛੇ ਮਹੀਨਿਆਂ ਲਈ ਸੁਰੱਖਿਅਤ ਰਹੇਗਾ।
ਉਨ੍ਹਾਂ ਕਿਹਾ ਕਿ ਜੇਕਰ ਸਾਇਬਰ ਕੈਫੇ ਅਤੇ ਐਸ.ਟੀ.ਡੀ./ਪੀ.ਸੀ.ਓ. ਦੀ ਵਰਤੋਂ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਗਤੀਵਿਧੀ ਸਬੰਧਤ ਅਦਾਰੇ ਦੇ ਮਾਲਕ ਨੂੰ ਸ਼ੱਕੀ ਲੱਗਦੀ ਹੈ ਤਾਂ ਉਹ ਸਬੰਧਤ ਥਾਣੇ ਨੂੰ ਤੁਰੰਤ ਸੂਚਿਤ ਕਰਨ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਵੱਲੋਂ ਵਰਤੇ ਗਏ ਵਿਸ਼ੇਸ਼ ਕੰਪਿਊਟਰ ਬਾਰੇ ਰਿਕਾਰਡ ਨੂੰ ਸੰਭਾਲ ਕੇ ਰੱਖਿਆ ਜਾਵੇ।
ਇਹ ਹੁਕਮ 31 ਮਾਰਚ 2024 ਤੱਕ ਲਾਗੂ ਰਹੇਗਾ।