ਫਿਰੋਜ਼ਪੁਰ, 19 ਜਨਵਰੀ 2024:
26 ਜਨਵਰੀ 2024 ਨੂੰ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮਦ ਬਾਮਬਾ ਨੇ ਕੰਟੋਨਮੈਂਟ ਬੋਰਡ ਸਟੇਡੀਅਮ ਵਿਖੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਅਤੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰਨ ਦੀਆਂ ਹਦਾਇਤਾਂ ਕੀਤੀਆਂ।
ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮਦ ਬਾਮਬਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਦਾ ਸਮਾਗਮ ਕੰਟੋਨਮੈਂਟ ਬੋਰਡ ਸਟੇਡੀਅਮ ਸਾਹਮਣੇ ਡੀਸੀ ਦਫਤਰ ਫਿਰੋਜ਼ਪੁਰ ਛਾਉਣੀ ਵਿਖੇ ਮਨਾਇਆ ਜਾਵੇਗਾ ਅਤੇ ਇਸ ਜ਼ਿਲ੍ਹਾ ਪੱਧਰੀ ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਹੋਣਗੇ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਸਭਿਆਚਰਕ ਪ੍ਰੋਗਰਾਮ ਜਿਸ ਵਿਚ ਦੇਸ਼-ਭਗਤੀ ਨੂੰ ਦਰਸਾਉਂਦੀਆਂ ਕੋਰਿਓਗ੍ਰਾਫੀ, ਗਿੱਧਾ ਅਤੇ ਭੰਗੜਾ ਆਦਿ ਪੇਸ਼ ਕੀਤੇ ਜਾਣਗੇ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਭਲਾਈ ਅਤੇ ਵਿਕਾਸ ਦੇ ਕੰਮਾਂ ਨੂੰ ਦਰਸਾਉਂਦੀਆਂ ਝਾਕੀਆਂ ਵੀ ਕੱਢੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਦਿਹਾੜੇ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਅਤੇ ਫੁੱਲ ਡਰੈੱਸ ਰਿਹਰਸਲ 24 ਜਨਵਰੀ ਨੂੰ ਹੋਵੇਗੀ।
ਇਸ ਦੌਰਾਨ ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮਾਗਮ ਸਬੰਧੀ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਸਾਫ਼-ਸਫਾਈ, ਪੀਣ ਵਾਲੇ ਪਾਣੀ, ਬਿਜਲੀ, ਮੈਡੀਕਲ ਟੀਮਾਂ ਆਦਿ ਸਮੇਤ ਟ੍ਰੈਫਿਕ ਵਿਵਸਥਾ, ਪਾਰਕਿੰਗ ਦੇ ਪੁਖ਼ਤਾ ਪ੍ਰਬੰਧ ਸਮੇਂ ਸਿਰ ਕਰ ਲਏ ਜਾਣ ਤਾਂ ਜੋ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਹਦਾਇਤ ਕੀਤੀ ਕਿ ਗਣਤੰਤਰ ਦਿਵਸ ਸਮਾਗਮ ਦੇ ਪ੍ਰਬੰਧਾਂ ਅਤੇ ਸੁਰੱਖਿਆ ਵਿੱਚ ਕਿਸੇ ਕਿਸਮ ਦੀ ਢਿੱਲ ਨਾ ਵਰਤੀ ਜਾਵੇ ਅਤੇ ਵਿਭਾਗਾਂ ਦੇ ਮੁਖੀ ਖੁਦ ਸਮੁੱਚੇ ਪ੍ਰਬੰਧਾਂ ਦੀ ਨਿਗਰਾਨੀ ਨੂੰ ਯਕੀਨੀ ਬਣਾਉਣ।
ਇਸ ਮੌਕੇ ਐਸਪੀ (ਡੀ) ਸ੍ਰੀ ਰਣਧੀਰ ਕੁਮਾਰ, ਐਸ.ਡੀ.ਐਮ. ਫਿਰੋਜ਼ਪੁਰ ਸ੍ਰੀ ਜਸਪਾਲ ਸਿੰਘ ਬਰਾੜ, ਸਹਾਇਕ ਕਮਿਸ਼ਨਰ ਸ੍ਰੀ ਸੂਰਜ ਕੁਮਾਰ, ਸਿਵਲ ਸਰਜਨ ਡਾ. ਰਾਜਵਿੰਦਰ ਕੌਰ, ਡੀਐਫਐਸਸੀ ਸ੍ਰੀ ਰਾਜ ਰ੍ਰਿਸ਼ੀ ਮਹਿਰਾ, ਜ਼ਿਲ੍ਹਾ ਭਾਸ਼ਾ ਅਫਸਰ ਸ. ਜਗਦੀਪ ਸਿੰਘ ਸੰਧੂ, ਡਿਪਟੀ ਡੀਈਓ ਸ੍ਰੀ ਪ੍ਰਗਟ ਬਰਾੜ, ਸਕੱਤਰ ਰੈੱਡ ਕਰਾਸ ਸੁਸਾਇਟੀ ਸ੍ਰੀ ਅਸ਼ੋਕ ਬਹਿਲ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁੱਖੀ ਹਾਜ਼ਰ ਸਨ।