ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਅਕਤੂਬਰ, 2024:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਦੇ ਸਹਿਯੋਗ ਨਾਲ 18 ਅਕਤੂਬਰ ਤੋਂ 27 ਅਕਤੂਬਰ ਤੱਕ ਕਰਵਾਏ ਜਾ ਰਹੇ ਸਰਸ ਮੇਲਾ ਮੋਹਾਲੀ (ਸੈਕਟਰ 88) ਦਾ 7ਵਾਂ ਦਿਨ ਧੀਆਂ ਨੂੰ ਸਮਰਪਿਤ ਕੀਤਾ ਗਿਆ, ਜਿਸ ਦੌਰਾਨ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਸਮਾਜ ਨੂੰ ਲਿੰਗ ਭੇਦ ਤੋਂ ਮੁਕਤ ਬਣਾਉਣ ਦਾ ਸੰਦੇਸ਼ ਦਿੱਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਮੇਲਾ ਨੋਡਲ ਅਫ਼ਸਰ ਸ੍ਰੀਮਤੀ ਸੋਨਮ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੀ ਪਹਿਲ ਕਦਮੀ ’ਤੇ ਮੇਲੇ ਨੂੰ ਵਿੱਲਖਣ ਬਣਾਉਣ ਲਈ ਹਰ ਰੋਜ਼ ਇੱਕ ਸਮਾਜਿਕ ਥੀਮ ’ਤੇ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਇਸੇ ਲੜੀ ਤਹਿਤ ਅੱਜ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਨੂੰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਤੇ ਸਟਾਫ਼ ਦੇ ਸਹਿਯੋਗ ਨਾਲ ਹੁਲਾਰਾ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਸਰਕਾਰੀ ਕੰਨਿਆ ਆਈ ਟੀ ਆਈ ਮੋਹਾਲੀ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ ਪਾਇਆ ਗਿਆ ਜਦਕਿ ਐਨੀ ਪਬਲਕਿ ਸਕੂਲ ਖਰੜ ਦੀਆਂ ਵਿਦਿਆਰਥਣਾਂ ਵੱਲੋਂ ਵੀ ਵਿਸ਼ੇਸ਼ ਪੇਸ਼ਕਾਰੀ ਕੀਤੀ ਗਈ। ਬਲਜਿੰਦਰ ਸਿੰਘ ਤੇ ਉਸ ਦੇ ਗਰੁੱਪ ਵੱਲੋਂ ਧੀਆਂ ਦੀ ਸਮਾਨਤਾ ’ਤੇ ਨੁੱਕੜ ਨਾਟਕ ਰਾਹੀਂ ਸੰਦੇਸ਼ ਦਿੱਤਾ ਗਿਆ। ਸਰਕਾਰੀ ਬਹੁਤਕਨੀਕੀ ਖੂਨੀ ਮਾਜਰਾ ਦੇ ਸਿਵਲ ਵਿੰਗ ਦੇ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਵੱਲੋਂ ਧੀਆਂ ’ਤੇ ਕਵਿਤਾਵਾਂ ਪੜ੍ਹੀਆਂ ਗਈਆਂ।
ਇਸ ਤੋਂ ਇਲਾਵਾ ਅੱਜ ਮੇਲੇ ਦੀਆਂ ਹੋਰ ਗਤੀਵਿਧੀਆਂ ’ਚ ਵੱਖ-ਵੱਖ ਸਕੂਲਾਂ ਦੇ 500 ਦੇ ਕਰੀਬ ਵਿਦਿਆਰਥੀਆਂ ਵੱਲੋਂ ਮੇਲੇ ਦਾ ਆਨੰਦ ਮਾਣਿਆ ਗਿਆ। ਉਨ੍ਹਾਂ ਦੱਸਿਆ ਕਿ ਸਕੂਲ ਯੂਨੀਫ਼ਾਰਮ ’ਚ ਆਉਣ ਵਾਲੇ ਵਿਦਿਆਰਥੀਆਂ ਤੋਂ ਕੋਈ ਐਂਟਰੀ ਫ਼ੀਸ ਨਹੀਂ ਵਸੂਲੀ ਜਾਂਦੀ ਬਲਕਿ ਉਨ੍ਹਾਂ ਨੂੰ ਵੇਰਕਾ ਦੇ ਉਤਪਾਦਾਂ ’ਤੇ ਆਧਾਰਿਤ ਸਿਹਤਮੰਦ ਰਿਫ਼੍ਰੈਸ਼ਮੈਂਟ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਮੇਲੇ ’ਚ ਰਾਜਸਥਾਨ ਦਾ ਕਾਲਬੇਲੀਆ ਤੇ ਨਗਾੜਾ, ਅਸਾਮ ਦਾ ਬੀਹੂ, ਹਰਿਆਣਾ ਦਾ ਫਾਗ ਤੇ ਜੋਗੀ ਬੀਨ, ਉੱਤਰ ਪ੍ਰਦੇਸ਼ ਦਾ ਮਾਯੂਰ ਨਾਚ, ਲੁਧਿਆਣਾ ਦੇ ਬਾਜ਼ੀਗਰ ਕਲਾਕਾਰ, ਪੰਜਾਬ ਦੇ ਲੋਕ ਨਾਚ ਭੰਗੜਾ, ਸੰਮੀ, ਲੁੱਡੀ ਸਾਰਾ ਦਿਨ ਹੀ ਚੱਲਦੇ ਰਹਿੰਦੇ ਹਨ ਅਤੇ ਸੰਗਠਿਤ ਭਾਰਤ ਦਾ ਸੰਦੇਸ਼ ਦਿੰਦੇ ਹਨ।