ਹੁਸ਼ਿਆਰਪੁਰ, 22 ਅਪ੍ਰੈਲ: ਸਥਾਨਕ ਤਹਿਸੀਲ ਕੰਪਲੈਕਸ ਵਿਖੇ ਤਾਇਨਾਤ ਤਹਿਸੀਲਦਾਰ ਲਾਰਸਨ ਸਿੰਗਲਾ ਨੇ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ.) ਦੀ ਪ੍ਰੀਖਿਆ ਪਾਸ ਕਰਦਿਆਂ 936ਵਾਂ ਰੈਂਕ ਹਾਸਲ ਕੀਤਾ ਹੈ।
ਯੂ.ਪੀ.ਐਸ.ਸੀ. ਪ੍ਰੀਖਿਆ ਦਾ ਨਤੀਜਾ ਆਉਣ ‘ਤੇ ਤਹਿਸੀਲਦਾਰ ਲਾਰਸਨ ਸਿੰਗਲਾ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਦਾਦਾ-ਦਾਦੀ, ਮਾਤਾ-ਪਿਤਾ ਅਤੇ ਆਪਣੇ ਅਧਿਆਪਕਾਂ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਵਲੋਂ ਉਨ੍ਹਾਂ ਨੂੰ ਆਈ.ਏ.ਐਸ. ਬਣਾਉਣ ਦਾ ਸੁਪਨਾ ਸਾਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੀਖਿਆ ਪਾਸ ਕਰਨ ਪਿੱਛੇ ਸਮਰਪਣ ਭਾਵਨਾ ਅਤੇ ਸਖ਼ਤ ਮਿਹਨਤ ਰਹਿੰਦੀ ਹੈ ਜਿਸ ਸਦਕਾ ਯੂ.ਪੀ.ਐਸ.ਸੀ. ਕਲੀਅਰ ਹੋਇਆ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਤਹਿਸੀਲਦਾਰ ਲਾਰਸਨ ਸਿੰਗਲਾ ਨੂੰ ਇਸ ਪ੍ਰਾਪਤੀ ‘ਤੇ ਵਧਾਈਆਂ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਨ੍ਹਾਂ ‘ਤੇ ਮਾਣ ਹੈ ਜਿਨ੍ਹਾਂ ਨੇ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਪਾਸ ਕਰਕੇ ਆਪਣੇ ਮਾਪਿਆਂ ਦਾ ਸੁਪਨਾ ਪੂਰਾ ਕੀਤਾ ਹੈ। ਲਾਰਸਨ ਸਿੰਗਲਾ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਵਲੋਂ ਸਮੇਂ-ਸਮੇਂ ‘ਤੇ ਕੀਤੀ ਅਗਵਾਈ ਅਤੇ ਦਿੱਤਾ ਸਹਿਯੋਗ ਉਨ੍ਹਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਇਆ ਹੈ।
ਪਟਿਆਲਾ ਜ਼ਿਲ੍ਹੇ ਦੇ ਕਸਬਾ ਪਾਤੜਾਂ ਦੇ ਵਸਨੀਕ ਲਾਰਸਨ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿਚ ਪਹਿਲਾਂ ਕਿਸੇ ਨੇ ਯੂ.ਪੀ.ਐਸ.ਸੀ. ਪ੍ਰੀਖਿਆ ਨਹੀਂ ਦਿੱਤੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਇਹ ਪ੍ਰੀਖਿਆ ਪਾਸ ਕਰਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਦਾਦਾ ਸੇਵਾਮੁਕਤ ਅਧਿਆਪਕ ਹਨ ਅਤੇ ਪਿਤਾ ਵੀ ਸਾਇੰਸ ਦੇ ਅਧਿਆਪਕ ਸਨ ਜੋ ਹੁਣ ਸਮਾਜ ਸੇਵਾ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਇਹ ਪ੍ਰੀਖਿਆ ਪਾਸ ਕਰਨ ਲਈ ਨਾ ਸਿਰਫ ਸਾਇੰਸ ਪੜ੍ਹਾਈ ਸਗੋਂ ਹਮੇਸ਼ਾ ਪ੍ਰੇਰਿਤ ਕੀਤਾ।