ਚੰਡੀਗੜ੍ਹ 23 ਸਤੰਬਰ- ਜਲੰਧਰ ਵਿੱਚ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਸਿਆਸੀ ਝੱਟਕਾ ਲੱਗਿਆ ਜਦੋਂ ਇਲਾਕੇ ਦੇ ਪ੍ਰਮੁੱਖ ਅਤੇ ਟਕਸਾਲੀ ਅਕਾਲੀ ਪਰਿਵਾਰ ਨਾਲ ਸੰਬੰਧਤ ਰਣਤੇਜ ਸਿੰਘ ਪੋਵਾਰ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਹ ਗਿਆਨੀ ਸ਼ੰਕਰ ਸਿੰਘ ਜੀ ਦੇ ਪੜਪੋਤੇ ਅਤੇ ਸਰਦਾਰ ਬੀਰ ਸਿੰਘ ਜੀ ਦੇ ਪੋਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਰਣਤੇਜ ਸਿੰਘ ਪੋਵਾਰ ਦਾ ਪਾਰਟੀ ਵਿੱਚ ਰਸਮੀ ਤੌਰ ‘ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਿਰੋਪਾਓ ਪਾ ਕੇ ‘ਆਪ’ ਵਿੱਚ ਸ਼ਾਮਲ ਕਰਵਾਇਆ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਆਮ ਆਦਮੀ ਪਾਰਟੀ ਪੰਜਾਬ ਦੇ ਵਿਕਾਸ, ਭ੍ਰਿਸ਼ਟਾਚਾਰ ਮੁਕਤ ਸ਼ਾਸਨ ਅਤੇ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ। ਸਾਡੀ ਸਰਕਾਰ ਦੀਆਂ ਜਨ-ਹਿੱਤੈਸ਼ੀ ਨੀਤੀਆਂ ਅਤੇ ਇਮਾਨਦਾਰ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਇਮਾਨਦਾਰ ਆਗੂ ਲਗਾਤਾਰ ਪਾਰਟੀ ਨਾਲ ਜੁੜ ਰਹੇ ਹਨ। ਰਣਤੇਜ ਸਿੰਘ ਪੋਵਾਰ ਵਰਗੇ ਸੂਝਵਾਨ ਅਤੇ ਪਰੰਪਰਾਗਤ ਪਰਿਵਾਰਕ ਪਿਛੋਕੜ ਵਾਲੇ ਆਗੂ ਦੇ ਆਉਣ ਨਾਲ ਜਲੰਧਰ ਅਤੇ ਆਸ-ਪਾਸ ਦੇ ਖੇਤਰ ਵਿੱਚ ਪਾਰਟੀ ਸੰਗਠਨ ਨੂੰ ਹੋਰ ਬਲ ਮਿਲੇਗਾ। ਅਸੀਂ ਸਭ ਮਿਲ ਕੇ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਲਈ ਦਿਨ-ਰਾਤ ਕੰਮ ਕਰਦੇ ਰਹਾਂਗੇ।
ਪਾਰਟੀ ਵਿੱਚ ਸ਼ਾਮਲ ਹੋਣ ਉਪਰੰਤ ਰਣਤੇਜ ਸਿੰਘ ਪੋਵਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਭਗਵੰਤ ਮਾਨ ਦੀ ਅਗਵਾਈ ਹੇਠ ਹੋ ਰਹੇ ਵਿਕਾਸ ਕਾਰਜਾਂ ਤੋਂ ਬੇਹੱਦ ਪ੍ਰਭਾਵਿਤ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀ ਮਜ਼ਬੂਤੀ ਅਤੇ ਜਨਤਾ ਦੀ ਸੇਵਾ ਲਈ ਪੂਰੀ ਲਗਨ ਤੇ ਇਮਾਨਦਾਰੀ ਨਾਲ ਕੰਮ ਕਰਨਗੇ।
