‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਪੂਰਾ ਕਰਨ ਲਈ ਸਵੀਪ

Mansa

ਮਾਨਸਾ, 10 ਅਪ੍ਰੈਲ:
ਲੋਕ ਸਭਾ ਚੋਣਾਂ 2024 ਵਿਚ ਚੋਣ ਕਮਿਸ਼ਨ ਦੇ ਨਾਅਰੇ ‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਵੀਪ ਜਾਗਰੂਕਤਾ ਟੀਮਾਂ ਲਗਾਤਾਰ ਕਾਰਜਸ਼ੀਲ ਹਨ, ਜਿਸ ਤਹਿਤ ਬੂਥ ਪੱਧਰ ’ਤੇ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਸਵੀਪ ਨੋਡਲ ਅਫ਼ਸਰ ਜਗਜੀਵਨ ਸਿੰਘ ਆਲੀਕੇ ਅਤੇ ਨਿਰੰਜਣ ਸਿੰਘ ਨੇ ਦੱਸਿਆ ਕਿ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਵੋਟਰਾਂ ਨਾਲ ਲਗਾਤਾਰ ਰਾਬਤਾ ਕੀਤਾ ਜਾ ਰਿਹਾ ਹੈ। ਵਿੱਦਿਅਕ ਸੰਸਥਾਵਾਂ ਅੰਦਰ ਵਿਦਿਆਰਥੀਆਂ ਦੀ ਮਤਦਾਨ ਵਿਚ ਭਾਗੀਦਾਰੀ ਯਕੀਨੀ ਬਣਾਉਣ ਲਈ ਭਾਸ਼ਣ, ਪੋਸਟਰ ਮੇਕਿੰਗ ਅਤੇ ਲੇਖ ਮੁਕਾਬਲਿਆਂ ਦਾ ਆਯੋਜਨ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਸੱਥਾਂ ’ਚ ਬੈਠੇ ਲੋਕਾਂ ਅਤੇ ਦੁਕਾਨਦਾਰਾਂ ਨਾਲ ਰਾਬਤਾ ਕਰਕੇ ਲੋਕ ਸਭਾ ਚੋਣਾਂ ਵਿਚ ਵੱਧ ਤੋਂ ਵੱਧ ਮਤਦਾਨ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਦੀ ਸਮਾਂ ਸਾਰਣੀ ਅਤੇ ਚੋਣ ਪ੍ਰਕਿਰਿਆ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਬਿਨਾਂ ਕਿਸੇ ਡਰ, ਧਰਮ, ਜਾਤ ਅਤੇ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਆਪਣਾ ਮਤਦਾਨ ਕਰਨ ਦਾ ਪ੍ਰਣ ਦਿਵਾਇਆ ਗਿਆ। ਨੌਜਵਾਨ ਵੋਟਰਾਂ ਨੂੰ ਆਪਣੇ ਘਰ, ਗਲੀ-ਮੁਹੱਲੇ ਵਿੱਚ ਇਹ ਸੁਨੇਹਾ ਦੇਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਵੋਟਰ ਲੋਕ ਸਭਾ ਚੋਣਾਂ ਵਿੱਚ ਮਤਦਾਨ ਕਰਨ ਤੋਂ ਵਾਂਝਾ ਨਾ ਰਹਿ ਨਾ ਜਾਵੇ।