ਜੂਡੀਸ਼ਲ ਕੋਰਟ ਕੰਪਲੈਕਸ ਵਿਖੇ ‘ਸਵੱਛਤਾ ਹੀ ਸੇਵਾ’ ਅਭਿਆਨ ਚਲਾਇਆ ਗਿਆ

Fazilka Politics Punjab

ਫਾਜਿਲਕਾ 3 ਅਕਤੂਬਰ

ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਅਵਤਾਰ ਸਿੰਘ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਜੀ ਦੀ ਰਹਿਨੁਮਾਈ ਹੇਠ ਮਿਊਂਸਪਲ ਕਮੇਟੀ, ਫਾਜ਼ਿਲਕਾ ਦੇ ਸਹਿਯੋਗ ਨਾਲ ‘ਸਵੱਛਤਾ ਹੀ ਸੇਵਾ’ ਅਭਿਆਨ ਚਲਾਇਆ ਗਿਆ, ਜਿਸ ਦੇ ਤਹਿਤ ਜੂਡੀਸ਼ਲ ਕੋਰਟ ਕੰਪਲੈਕਸ ਦੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਕੀਤਾ ਗਿਆ ਅਤੇ ਜੂਡੀਸ਼ਲ ਕੋਰਟ ਕੰਪਲੈਕਸ ਦੇ ਟਾਇਲਟ ਨੂੰ ਸਾਫ ਕਰਵਾਇਆ ਗਿਆ। ।

                ਸ੍ਰੀ ਅਵਤਾਰ ਸਿੰਘ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਵਾ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜਿਲਕਾ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ‘ਸਵੱਛਤਾ ਹੀ ਸੇਵਾ’ ਇੱਕ ਮੁਹਿੰਮ ਹੈ ਜਿਸ ਦਾ ਉਦੇਸ਼ ਲੋਕਾਂ ਵਿੱਚ ਸਾਫ-ਸਫਾਈ ਅਤੇ ਹਾਈਜੀਨ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਹੈ। ਇਹ ਮੁਹਿੰਮ ਸਿਰਫ ਸਫਾਈ ਦੇ ਪ੍ਰਤੀ ਨਹੀਂ, ਸਗੋਂ ਸੇਵਾ ਦੇ ਰੂਪ ਵਿੱਚ ਸਫਾਈ ਨੂੰ ਅਪਣਾਉਣ ਅਤੇ ਸਮਾਜ ਦੇ ਹਿੱਤ ਲਈ ਸਫਾਈ ਨੂੰ ਇੱਕ ਸੇਵਾ ਸਮਝਣ ਤੇ ਜ਼ੋਰ ਦਿੰਦੀ ਹੈ। ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ, ਆਸ-ਪਾਸ ਦੇ ਇਲਾਕੇ, ਗਲੀ-ਮੁਹੱਲਿਆਂ, ਦਫਤਰ ਅਤੇ ਦੁਕਾਨਾਂ ਦੀ ਸਫਾਈ ਕਰਨ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਸਫਾਈ ਰੱਖਣ ਨਾਲ ਜਿੱਥੇ ਵਾਤਾਵਰਨ ਸ਼ੁੱਧ ਹੁੰਦਾ ਹੈ, ਉੱਥੇ ਹੀ ਇਸ ਨਾਲ ਭਿਆਨਕ ਬਿਮਾਰੀਆਂ ਤੋਂ ਦੂਰ ਰਿਹਾ ਜਾ ਸਕਦਾ ਹੈ।

ਇਸ ਮੌਕੇ ਤੇ ਮੈਡਮ ਅਮਨਦੀਪ ਕੌਰ, ਮਾਣਯੋਗ ਸਿਵਿਲ ਜੱਜ (ਸੀ. ਡੀ.), ਫਾਜ਼ਿਲਕਾ, ਮੈਡਮ ਰੂਚੀ ਸਵਪਨ ਸ਼ਰਮਾ, ਮਾਣਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ/ਸਿਵਿਲ ਜੱਜ (ਸੀ. ਡੀ.)—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ, ਸ਼੍ਰੀ ਹੇਮ ਅੰਮ੍ਰਿਤ ਮਾਹੀ ਮਾਣਯੋਗ ਚੀਡ ਜੁਡੀਸ਼ੀਅਲ ਮੈਜਿਸਟ੍ਰੇਟ, ਫਾਜ਼ਿਲਕਾ ਵੀ ਮੌਜੂਦ ਰਹੇ।