ਸਾਹਿਬਜ਼ਾਦਾ ਅਜੀਤ ਸਿੰਘ ਨਗਰ 03 ਦਸੰਬਰ, 2024:
ਮੁੱਖ ਖੇਤੀਬਾੜੀ ਅਫਸਰ ਮੋਹਾਲੀ ਡਾ. ਗੁਰਮੇਲ ਸਿੰਘ ਦੀ ਅਗਵਾਈ ਹੇਠ ਬਲਾਕ ਡੇਰਾਬੱਸੀ ਦੇ ਵੱਖ-ਵੱਖ ਪਿੰਡਾਂ ਵਿੱਚ ਬਲਾਕ ਖੇਤੀਬਾੜੀ ਅਫਸਰ ਵੱਲੋਂ ਕਣਕ ਦੀ ਬਿਜਾਈ ਵਾਲੇ ਖੇਤਾਂ ਵਿੱਚ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਲਗਾਤਾਰ ਨਿਰੀਖਣ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਵੱਲੋਂ ਕਣਕ ਦੀ ਫਸਲ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਕਿਸਾਨਾਂ ਨੂੰ ਖੇਤਾਂ ਦੇ ਲਗਾਤਾਰ ਨਿਰੀਖਣ ਕਰਦੇ ਰਹਿਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਵਿਭਾਗ ਦੇ ਸਮੁੱਚੇ ਸਟਾਫ਼ ਨੂੰ ਕਿਸਾਨਾਂ ਦੇ ਖੇਤਾਂ ਵਿਚ ਕਣਕ ਦੀ ਫ਼ਸਲ ਦਾ ਨਿਰੀਖਣ ਕਰਨ ਦੀ ਹਦਾਇਤ ਕੀਤੀ ਗਈ। ਖੇਤੀਬਾੜੀ ਅਫਸਰ, ਡੇਰਾਬੱਸੀ ਡਾ. ਸੰਦੀਪ ਬਹਿਲ ਅਤੇ ਖੇਤੀਬਾੜੀ ਸਹਾਇਕ ਮਨਜੀਤ ਸਿੰਘ ਵੱਲੋਂ ਪਿੰਡ ਧਨੋਨੀ ,ਮਹਿਮਦਪੁਰ, ਪਰਾਗਪੁਰ, ਇਬਰਾਹਿਮਪੁਰ, ਸ਼ੇਖਪੁਰਾ ਅਤੇ ਕਾਰਕੋਰ ਵਿੱਚ ਸਰਵੇਖਣ ਕੀਤਾ ਗਿਆ, ਜਿਸ ਦੌਰਾਨ ਕਿਤੇ ਵੀ ਕਿਸੇ ਤਰ੍ਹਾਂ ਦੇ ਕੀੜੇ ਦਾ ਹਮਲਾ ਦੇਖਣ ਵਿੱਚ ਨਹੀਂ ਮਿਲਿਆ। ਉਹਨਾਂ ਨੇ ਦੱਸਿਆ ਕਿ ਗੁਲਾਬੀ ਸੁੰਡੀ ਅਤੇ ਸੈਨਿਕ ਸੁੰਡੀ ਕਣਕ ਦੀ ਫਸਲ ਦੇ ਮੁੱਖ ਕੀੜੇ ਨਹੀਂ ਹਨ। ਮੌਸਮੀ ਤਬਦੀਲੀ ਦੇ ਚਲਦਿਆਂ ਇਹ ਕੀੜੇ ਕੁਝ ਖੇਤਾਂ ਵਿੱਚ ਕਈ ਵਾਰ ਹਮਲਾ ਕਰ ਦਿੰਦੇ ਹਨ, ਤਣੇ ਦੀ ਗੁਲਾਬੀ ਸੁੰਡੀ ਕਣਕ ਦੀ ਜੜ ਤੋਂ ਉੱਪਰ ਤਣੇ ਵਿੱਚ ਸ਼ੇਕ ਕਰਦੀ ਹੈ ਅਤੇ ਅੰਦਰਲਾ ਮਾਦਾ ਖਾਂਦੀ ਹੈ, ਜਿਸ ਨਾਲ ਬੂਟੇ ਪੀਲੇ ਪੈ ਜਾਂਦੇ ਹਨ ਅਤੇ ਹਮਲੇ ਵਾਲੇ ਬੂਟੇ ਜਾਂ ਸ਼ਾਖਾਂ ਸੁੱਕ ਜਾਂਦੀਆਂ ਹਨ, ਇਸ ਦੇ ਹਮਲੇ ਦੀ ਸੰਭਾਵਨਾ ਅਗੇਤੀ ਬਿਜਾਈ ਵਾਲੇ ਖੇਤਾਂ ਵਿੱਚ ਜਿਆਦਾ ਹੁੰਦੀ ਹੈ ਕਿਉਂਕਿ ਤਾਪਮਾਨ ਘਟਨ ਨਾਲ ਇਸ ਕੀੜੇ ਵਿੱਚ ਹਰਕਤ ਘਟ ਜਾਂਦੀ ਹੈ। ਜੇਕਰ ਗੁਲਾਬੀ ਸੁੰਡੀ ਦਾ ਹਮਲਾ ਜ਼ਿਆਦਾ ਦੇਖਣ ਵਿੱਚ ਆਵੇ ਤਾਂ 7 ਕਿਲੋ ਫਿਪਰੋਨਿਲ 0.3% ਜਾਂ ਇਕ ਲੀਟਰ ਕਲੋਰੋਪੈਰੀਫਾਸ 20 ਈ.ਸੀ ਨੂੰ 20 ਕਿਲੋ ਸਲਾਬੀ ਮਿੱਟੀ ਵਿੱਚ ਰਲਾ ਕੇ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਛਿੱਟਾ ਦੇਵੋ ਅਤੇ ਪਾਣੀ ਦਿਨ ਵੇਲੇ ਲਾਉਣ ਨੂੰ ਤਰਜੀਹ ਦਿੱਤੀ ਜਾਵੇ।