ਫਾਜ਼ਿਲਕਾ 24 ਜੂਨ
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁਹਈਆ ਕਰਵਾਉਣ ਦੇ ਹੁਕਮਾਂ ਦੇ ਮੱਦੇ ਨਜ਼ਰ ਜ਼ਿਲੇ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਪੀਸੀਐਸ ਨੇ ਅੱਜ ਸਥਾਨਕ ਫਰਦ ਕੇਂਦਰ ਅਤੇ ਪਟਵਾਰਖਾਨੇ ਦਾ ਅਚਾਨਕ ਦੌਰਾ ਕਰਕੇ ਉੱਥੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨੇ ਆਖਿਆ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਦਿੱਤੀਆਂ ਹਦਾਇਤਾਂ ਦੇ ਮੱਦੇ ਨਜ਼ਰ ਵੱਖ-ਵੱਖ ਦਫ਼ਤਰਾਂ ਦੀ ਸਮੇਂ ਸਮੇਂ ਤੇ ਚੈਕਿੰਗ ਕੀਤੀ ਜਾਂਦੀ ਹੈ।
ਉਹਨਾਂ ਨੇ ਸਟਾਫ ਨੂੰ ਹਦਾਇਤ ਕੀਤੀ ਕਿ ਦਫਤਰਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ ਅਤੇ ਸਰਕਾਰੀ ਸੇਵਾਵਾਂ ਦੇਣ ਵਿੱਚ ਕੋਈ ਕੁਤਾਹੀ ਨਾ ਕੀਤੀ ਜਾਵੇ। ਉਨਾਂ ਨੇ ਫਰਦ ਕੇਂਦਰ ਅਤੇ ਪਟਵਾਰਖਾਨੇ ਵਿੱਚ ਆਏ ਲੋਕਾਂ ਤੋਂ ਉਹਨਾਂ ਦੀ ਰਾਏ ਵੀ ਲਈ ਅਤੇ ਉਨਾਂ ਦੇ ਕੰਮਕਾਜ ਸਬੰਧੀ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਰੇ ਅਧਿਕਾਰੀ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਆਪੋ ਆਪਣੇ ਦਫਤਰਾਂ ਵਿੱਚ ਬੈਠ ਕੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਕਰਨਗੇ।
ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਦੱਸਿਆ ਕਿ ਪਟਵਾਰ ਖਾਨੇ ਦੇ ਬਾਹਰ ਸਾਰੇ ਪਟਵਾਰ ਸਰਕਲਾਂ ਵਿਚ ਤਾਇਨਾਤ ਪਟਵਾਰੀਆਂ ਦੇ ਫੋਨ ਨੰਬਰਾਂ ਦੀ ਸੂਚੀ ਦਾ ਬੋਰਡ ਵੀ ਲਗਾ ਦਿੱਤਾ ਗਿਆ ਹੈ ਤਾਂ ਜੋ ਲੋਕ ਆਪਣੇ ਪਟਵਾਰੀ ਨਾਲ ਗੱਲਬਾਤ ਕਰ ਸਕਨ। ਉਨ੍ਹਾਂ ਨੇ ਕਿਹਾ ਕਿ ਹਰੇਕ ਦਫ਼ਤਰ ਵਿਚ ਹੈਲਪ ਡੈਸਕ ਵੀ ਬਣਾਇਆ ਜਾ ਰਿਹਾ ਹੈ ਅਤੇ ਪਟਵਾਰ ਖਾਨੇ ਵਿਚ ਹੈਲਪ ਡੈਸਕ ਕਾਰਜਸ਼ੀਲ ਹੋ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਫਰਦ ਕੇਂਦਰ ਅਤੇ ਪਟਵਾਰਖਾਨੇ ਦਾ ਅਚਾਨਕ ਨਿਰੀਖਣ


