ਸੁਪਰ ਸੀਡਰਾਂ ਨੇ ਫਾਜ਼ਿਲਕਾ ਦੇ ਕਿਸਾਨਾਂ ਨੂੰ ਬਣਾਇਆ ਸਮਾਰਟ ਕਿਸਾਨ-ਨਵੀਂਆਂ ਮਸ਼ੀਨਾਂ ਨਾਲ ਕਣਕ ਦੀ ਬਿਜਾਈ ਕਰਨ ਵਿਚ ਫਾਜ਼ਿਲਕਾ ਵਾਲੇ ਮੋਹਰੀ

Fazilka Politics Punjab

ਫਾਜ਼ਿਲਕਾ, 22 ਨਵੰਬਰ
ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨ ਹਰ ਨਵੀਂ ਤਕਨੀਕ ਨੂੰ ਅਪਨਾਉਣ ਵਿਚ ਮੋਹਰੀ ਰਹਿੰਦੇ ਹਨ। ਫਸਲੀ ਵਿਭਿੰਨਤਾ ਦੇ ਰੰਗ ਵੀ ਸਭ ਤੋਂ ਵੱਧ ਇਸੇ ਜ਼ਿਲ੍ਹੇ ਵਿਚ ਵਿਖਾਈ ਦਿੰਦੇ ਹਨ। ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਨਾ ਕੇ ਪਾਣੀ ਦੀ ਬਚਤ ਕਰਨ ਵਿਚ ਵੀ ਇਸ ਸਰਹੱਦੀ ਜ਼ਿਲ੍ਹੇ ਦੀ ਪੰਜਾਬ ਵਿਚ ਝੰਡੀ ਹੈ। ਹੁਣ ਪਰਾਲੀ ਨੂੰ ਬਿਨ੍ਹਾਂ ਸਾੜੇ ਨਵੀਂਆਂ ਮਸ਼ੀਨਾਂ ਨਾਲ ਕਣਕ ਦੀ ਬਿਜਾਈ ਵਿਚ ਵੀ ਇਹ ਜ਼ਿਲ੍ਹਾ ਆਪਣੀ ਵੱਖਰੀ ਪਹਿਚਾਣ ਬਣਾ ਰਿਹਾ ਹੈ।
ਪਿੰਡ ਭੰਬਾ ਵੱਟੂ ਵਿਚ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਸੰਦੀਪ ਰਿਣਵਾਂ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਦੀ ਇਹੀ ਖਾਸੀਅਤ ਹੈ ਕਿ ਹਰ ਨਵੀਂ ਤਕਨੀਕ ਨੂੰ ਅਪਨਾਉਣ ਵਿਚ ਝਿਜਕ ਨਹੀਂ ਕਰਦੇ ਹਨ ਅਤੇ ਇਸੇ ਕਾਰਨ ਇਹ ਨਵੀਂਆਂ ਤਕਨੀਕਾਂ ਨਾਲ ਆਪਣੀ ਖੇਤੀ ਨੂੰ ਨਵੇਂ ਮੁਕਾਮਾਂ ਤੇ ਲੈ ਕੇ ਜਾਂਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਜ਼ਿਲ੍ਹੇ ਦੇ ਕਿਸਾਨਾਂ ਨੇ ਪਰਾਲੀ ਪ੍ਰਬੰਧਨ ਸਬੰਧੀ ਜਿਲ਼੍ਹਾ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕਰਕੇ ਐਕਸ ਸੀਟੂ ਅਤੇ ਇਨ ਸੀਟੂ ਦੋਨਾਂ ਤਰੀਕਿਆਂ ਨਾਲ ਪਰਾਲੀ ਸੰਭਾਲੀ ਹੈ। ਐਕਸ ਸੀਟੂ ਤੋਂ ਬਾਅਦ ਹੁਣ ਕਿਸਾਨ ਇਨ ਸੀਟੂ ਤਰੀਕੇ ਨੂੰ ਤਰਜੀਹ ਦੇਣ ਲੱਗੇ ਹਨ ਕਿਉਂਕਿ ਇਸ ਤਰੀਕੇ ਵਿਚ ਪੋਸ਼ਕ ਤੱਤਾਂ ਨਾਲ ਭਰਪੂਰ ਪਰਾਲੀ ਖੇਤ ਵਿਚ ਰਹਿ ਜਾਂਦੀ ਹੈ ਅਤੇ ਮਸ਼ੀਨਾਂ ਨਾਲ ਇਸਨੂੰ ਮਿੱਟੀ ਵਿਚ ਮਿਲਾ ਕੇ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਜਮੀਨ ਦੀ ਉਪਜਾਊ ਸ਼ਕਤੀ ਵੱਧ ਰਹੀ ਹੈ ਅਤੇ ਜਮੀਨ ਵਿਚ ਪਰਾਲੀ ਮਿਲਾਉਣ ਨਾਲ ਜਮੀਨ ਵਿਚ ਕਾਰਬਨਿਕ ਮਾਦੇ ਵਿਚ ਵਾਧਾ ਹੋ ਰਿਹਾ ਹੈ ਜੋ ਕਿ ਸਿਹਤਮੰਦ ਜਮੀਨ ਦੀ ਵੱਡੀ ਨਿਸਾਨੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪਰਾਲੀ ਪ੍ਰਬੰਧਨ ਲਈ 6546 ਮਸ਼ੀਨਾਂ ਹਨ ਜਿੰਨ੍ਹਾਂ ਵਿਚੋਂ 2335 ਸੁਪਰ ਸੀਡਰ ਹਨ। ਇਹ ਮਸ਼ੀਨਾਂ ਨਾਲ ਪਰਾਲੀ ਨੂੰ ਬਿਨ੍ਹਾਂ ਸਾੜੇ ਸਿੱਧੇ ਹੀ ਖੇਤ ਵਿਚ ਕਣਕ ਦੀ ਬਿਜਾਈ ਕਰ ਦਿੱਤੀ ਜਾਂਦੀ ਹੈ। ਰਵਾਇਤੀ ਤਰੀਕੇ ਨਾਲ ਪਹਿਲਾਂ ਜਿੱਥੇ ਕਿਸਾਨ ਖੇਤ ਦੀ ਪਰਾਲੀ ਸਾੜ ਕੇ ਦੋ ਵਹਾਈਆਂ ਕਰਕੇ, ਸੁਹਾਗਾ ਲਗਾ ਕੇ ਡਰਿਲ ਨਾਲ ਬਿਜਾਈ ਕਰਦੇ ਸਨ, ਜਦ ਕਿ ਸੁਪਰ ਸੀਡਰ ਇਹ ਸਾਰੇ ਕੰਮ ਇਕੋ ਵਾਰ ਕਰ ਦਿੰਦੀ ਹੈ। ਪੰਜਾਬ ਸਰਕਾਰ ਨੇ ਸਬਸਿਡੀ ਤੇ ਇਹ ਮਸ਼ੀਨਾਂ ਵੱਡੀ ਗਿਣਤੀ ਵਿਚ ਮੁਹਈਆ ਕਰਵਾਈਆਂ ਹਨ।