ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਪਟਵਾਰ ਖਾਨੇ ਦਾ ਅਚਾਨਕ ਦੌਰਾ

Fazilka

ਅਬੋਹਰ (ਫਾਜ਼ਿਲਕਾ) 26 ਜੂਨ

ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਜਵਾਬਦੇਹ ਅਤੇ ਪਾਰਦਰਸ਼ੀ ਪ੍ਰਸ਼ਾਸਨ ਮੁਹਈਆ ਕਰਵਾਉਣ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਅਚਾਨਕ ਵੱਖ ਵੱਖ ਦਫ਼ਤਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਲੜੀ ਵਿਚ ਉਨ੍ਹਾਂ ਨੇ ਅੱਜ ਅਬੋਹਰ ਤਹਿਸੀਲ ਵਿਚ ਬਣੇ ਪਟਵਾਰ ਖਾਨੇ ਵਿਚ ਪਹੁੰਚ ਕੇ ਪਟਵਾਰੀਆਂ ਦੀ ਹਾਜਰੀ ਚੈਕ ਕੀਤੀ ਅਤੇ ਇੱਥੇ ਕੰਮ ਕਰਵਾਉਣ ਆਏ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਤਹਿਸੀਲ ਵਿਚ ਰਜਿਸਟਰੀਆਂ ਕਰਵਾਉਣ ਆਏ ਲੋਕਾਂ ਤੋਂ ਵੀ ਜਾਣਕਾਰੀ ਹਾਸਲ ਕੀਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ 10 ਤੋਂ 12 ਵਜੇ ਤੱਕ ਆਪਣੇ ਦਫ਼ਤਰਾਂ ਵਿਚ ਬੈਠਣ ਅਤੇ ਇਸ ਸਮੇਂ ਦੌਰਾਨ ਫੀਲਡ ਦੌਰੇ ਨਾ ਕੀਤੇ ਜਾਣ ਤਾਂ ਜੋ ਦਫ਼ਤਰ ਵਿਚ ਆਉਣ ਵਾਲੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ।

ਇਸੇ ਤਰਾਂ ਸਾਰੇ ਦਫ਼ਤਰਾਂ ਵਿਚ ਹੈਲਪ ਡੈਸਕ ਕਮ ਸਹਾਇਤਾ ਕੇਂਦਰ ਵੀ ਸਥਾਪਿਤ ਕੀਤੇ ਗਏ ਹਨ। ਇਸ ਕੇਂਦਰ ਤੇ ਦਫ਼ਤਰ ਵਿਚ ਆਉਣ ਵਾਲੇ ਹਰੇਕ ਵਿਅਕਤੀ ਦੇ ਵੇਰਵੇ ਦਰਜ ਕੀਤੇ ਜਾਂਦੇ ਹਨ ਅਤੇ ਬਾਅਦ ਵਿਚ ਇਹ ਪਤਾ ਕੀਤਾ ਜਾਂਦਾ ਹੈ ਕਿ ਉਸਦਾ ਕੰਮ ਹੋਇਆ ਜਾਂ ਨਹੀਂ। ਇਸਤੋਂ ਬਿਨ੍ਹਾਂ ਇਸ ਕੇਂਦਰ ਤੋਂ ਲੋਕਾਂ ਨੂੰ ਦਫ਼ਤਰੀ ਕੰਮ ਸਬੰਧੀ ਮਾਰਗਦਰਸ਼ਨ ਵੀ ਮਿਲਦਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਗੇ ਤੋਂ ਵੀ ਇਹ ਜਾਂਚ ਮੁਹਿੰਮ ਇਸੇ ਤਰਾਂ ਜਾਰੀ ਰਹੇਗੀ ਅਤੇ ਯਕੀਨੀ ਬਣਾਇਆ ਜਾਵੇਗਾ ਕਿ ਲੋਕਾਂ ਨੂੰ ਕਿਸੇ ਵੀ ਦਫ਼ਤਰ ਵਿਚ ਕਿਸੇ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ, ਐਸਡੀਐਮ ਸ੍ਰੀ ਪੰਕਜ ਬਾਂਸਲ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਸੰਦੀਪ ਕੁਮਾਰ, ਤਹਿਸੀਲਦਾਰ ਸੁਖਬੀਰ ਕੌਰ ਵੀ ਹਾਜਰ ਸਨ।