ਬਠਿੰਡਾ, 28 ਜੂਨ :  ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਵਿਸ਼ੇਸ਼ ਉਪਰਾਲੇ ਸਦਕਾ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਵਿੱਚ 5 ਜੂਨ ਤੋਂ 28 ਜੂਨ ਤੱਕ ਚੱਲਿਆ 24 ਦਿਨਾਂ ਦਾ ਜੇ. ਈ. ਈ/ਨੀਟ ਬੂਟ ਕੈਂਪ ਸਫਲਤਾਪੂਰਵਕ ਸੰਪੰਨ ਹੋ ਗਿਆ।

     ਮੈਰੀਟੋਰੀਅਸ ਸਕੂਲ ਬਠਿੰਡਾ ਵਿਖੇ ਆਯੋਜਿਤ ਇਸ ਕੈਂਪ ਵਿੱਚ ਮੈਰੀਟੋਰੀਅਸ, ਸਕੂਲ ਆਫ ਐਮੀਨੈਂਸ ਅਤੇ ਸਰਕਾਰੀ ਸਕੂਲਾਂ ਦੇ 635 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਉੱਚ ਪੱਧਰੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵਿਸ਼ੇਸ਼ ਤਿਆਰੀ ਪ੍ਰਾਪਤ ਕੀਤੀ।

     ਕੈਂਪ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਵਿਦਿਆਰਥੀਆਂ ਨੂੰ ਦ੍ਰਿੜ੍ਹ ਇੱਛਾ-ਸ਼ਕਤੀ, ਸਖ਼ਤ ਮਿਹਨਤ ਅਤੇ ਸਕਾਰਾਤਮਕ ਸੋਚ ਨਾਲ ਆਪਣੇ ਟੀਚੇ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪ੍ਰਤਿਭਾਸ਼ਾਲੀ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਿਦਿਆਰਥੀਆਂ ਨੂੰ ਅਜਿਹੇ ਮੁਫ਼ਤ ਕੋਚਿੰਗ ਕੈਂਪਾਂ ਰਾਹੀਂ ਉੱਚ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

        ਕੈਂਪ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਮੁਫ਼ਤ ਰਿਹਾਇਸ਼, ਪੌਸ਼ਟਿਕ ਭੋਜਨ, ਮੈਡੀਕਲ ਸਹੂਲਤਾਂ, ਆਵਾਜਾਈ ਅਤੇ ਹੋਰ ਸਾਰੀਆਂ ਲੋੜੀਂਦੀਆਂ ਸੁਵਿਧਾਵਾਂ ਦਾ ਉੱਤਮ ਪ੍ਰਬੰਧ ਕੀਤਾ ਗਿਆ। ਡੀ.ਈ.ਓ. (ਸੈਕੰਡਰੀ) ਸ਼੍ਰੀਮਤੀ ਮਮਤਾ ਖੁਰਾਣਾ ਸੇਠੀ ਦੀ ਅਗਵਾਈ ਹੇਠ ਬਣੀਆਂ ਵਿਸ਼ੇਸ਼ ਟੀਮਾਂ ਨੇ ਸਮੁੱਚੇ ਪ੍ਰਬੰਧਾਂ ਦੀ ਲਗਾਤਾਰ ਨਿਗਰਾਨੀ ਕੀਤੀ।

      ਪ੍ਰਿੰਸੀਪਲ ਡਾ. ਗੁਰਦੀਪ ਸਿੰਘ ਸਿੱਧੂ ਮੈਰੀਟੋਰੀਅਸ ਸਕੂਲ ਬਠਿੰਡਾ ਵੱਲੋਂ ਵਿਦਿਆਰਥੀਆਂ ਲਈ ਠੰਢੇ ਅਤੇ ਆਰ.ਓ. ਪਾਣੀ, ਕੂਲਰਾਂ ਅਤੇ ਹੋਰ ਸੁਵਿਧਾਵਾਂ ਦੇ ਵਿਸ਼ੇਸ਼ ਪ੍ਰਬੰਧ ਕਰਵਾਏ ਗਏ। ਕੈਂਪ ਕੋਆਰਡੀਨੇਟਰ ਡਾ. ਜਸਬੀਰ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਦੀ ਬੌਧਿਕ ਅਤੇ ਸੱਭਿਆਚਾਰਕ ਵਿਕਾਸ ਲਈ ਹਰ ਸ਼ਨੀਵਾਰ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕਰਵਾਏ। ਕੈਂਪ ਦੌਰਾਨ ਸਟੇਟ ਅਧਿਕਾਰੀਆਂ, ਡਾਇਰੈਕਟਰ ਸਿੱਖਿਆ ਵਿਭਾਗ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਨਿਰੀਖਣ ਕਰਕੇ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ।

        ਇਸ ਮੌਕੇ ਫਿਜ਼ਿਕਸ ਵਾਲਾ, ਅਵਾਂਤੀ ਫੈਲੋਜ਼ ਅਤੇ ਹੋਰ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ, ਜਦਕਿ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ।

     ਮੈਡਮ ਨਮੀਸ਼ਾ ਵਿਸ਼ੇਸ ਤੌਰ ਤੇ ਸਰਗਰਮ ਰਹੇ। ਫਿਜਿਕਸ ਵਾਲਾ ਅਤੇ ਅਵੰਤੀ ਫੈਲੋਜ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਫਿਜ਼ਿਕਸ ਵਾਲਾ ਅਤੇ ਅਵਾਂਤੀ ਫੈਲੋਜ਼ ਦੀਆਂ ਸੇਵਾਵਾਂ ਲਈਆਂ ਗਈਆਂ। ਜਿਨ੍ਹਾਂ ਨੇ ਪੂਰੇ ਸਮਰਪਣ ਨਾਲ ਵਿਦਿਆਰਥੀਆਂ ਨੂੰ ਕੋਚਿੰਗ ਦਿੱਤੀ।

          ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼੍ਰੀਮਤੀ ਮਮਤਾ ਖੁਰਾਣਾ ਸੇਠੀ ਨੇ ਸਮੂਹ ਮਹਿਮਾਨਾਂ, ਅਧਿਕਾਰੀਆਂ, ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਵਿਲੱਖਣ ਅਤੇ ਮੁਫ਼ਤ ਜੇ.ਈ.ਈ/ਨੀਟ ਬੂਟ ਕੈਂਪ ਨੇ ਨਾ ਸਿਰਫ਼ ਵਿਦਿਆਰਥੀਆਂ ਨੂੰ ਨਵੀਂ ਦਿਸ਼ਾ ਦਿੱਤੀ, ਸਗੋਂ ਬਠਿੰਡਾ ਨੂੰ ਪੂਰੇ ਪੰਜਾਬ ਵਿੱਚ ਇੱਕ ਮਿਸਾਲ ਵਜੋਂ ਸਥਾਪਿਤ ਕੀਤਾ।