ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਵੀ ਕੀਤਾ ਜਾ ਰਿਹੈ ਵੋਟ ਦੇ ਸਹੀ ਇਸਤੇਮਾਲ ਪ੍ਰਤੀ ਜਾਗਰੂਕ

Moga

ਮੋਗਾ, 27 ਮਾਰਚ:
ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੀਆਂ ਹਦਾਇਤਾਂ ਅਨੁਸਾਰ ਬਾਬਾ ਈਸ਼ਰ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ, ਗਗੜਾ, ਵਿੱਚ ਸਵੀਪ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਹਾਈ ਸਕੂਲਾਂ, ਕਾਲਜਾਂ ਤੇ ਉੱਚ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀ ਵੋਟ ਪ੍ਰਤੀਸ਼ਤਤਾ ਵਿੱਚ ਵਾਧਾ ਕਰਨ ਲਈ ਅਹਿਮ ਭੂਮਿਕਾ ਨਿਭਾਅ ਸਕਦੇ ਹਨ ਇਸ ਲਈ ਪ੍ਰਸ਼ਾਸ਼ਨ ਵੱਲੋਂ ਇੱਥੇ ਸਵੀਪ ਗਤੀਵਿਧੀਆਂ ਦਾ ਆਯੋਜਨ ਪਹਿਲ ਦੇ ਆਧਾਰ ਉੱਪਰ ਕੀਤਾ ਜਾ ਰਿਹਾ ਹੈ।ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਐਪ ਡਾਊਨਲੋਡ ਕਰਵਾਇਆ ਜਾ ਰਿਹਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਵੀਪ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਵੱਲੋਂ ਬੜੀ ਦਿਲਚਸਪੀ ਦਿਖਾਈ ਜਾ ਰਹੀ ਹੈ ਅਤੇ ਵੋਟ ਨੂੰ ਬਿਨ੍ਹਾਂ ਕਿਸੇ ਡਰ ਜਾਂ ਲਾਲਚ ਤੋਂ ਵਰਤਣ ਲਈ ਪ੍ਰਣ ਵੀ ਲਿਆ ਜਾ ਰਿਹਾ ਹੈ। ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀ ਗਈ ਸੀ-ਵਿਜ਼ਲ ਐਪ ਜਿਸ ਰਾਹੀਂ ਲੋਕ ਸਭਾ ਚੋਣਾਂ ਵਿਚ ਵੋਟਿੰਗ ਪ੍ਰਕਿਰਿਆ ਜਾਂ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕਿਸੇ ਕਿਸਮ ਦੀ ਸ਼ਿਕਾਇਤ ਸਿੱਧ ਤੌਰ ਤੇ ਕਮਿਸ਼ਨ ਪਾਸ ਭੇਜੀ ਜਾ ਸਕਦੀ ਹੈ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਸੀ-ਵਿਜ਼ਲ ਐਪ ‘ਤੇ ਪ੍ਰਾਪਤ ਹੁੰਦੀ ਸ਼ਕਿਾਇਤ ‘ਤੇ 100 ਮਿੰਟ ਦੇ ਅੰਦਰ-ਅੰਦਰ ਹੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਸਬੰਧਿਤ ਸ਼ਕਿਾਇਤਕਰਤਾ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਜਾਂਦਾ ਹੈ।ਐਪ ਉੱਤੇ ਫੇਕ/ ਪੇਡ ਨਿਊਜ਼, ਪ੍ਰਾਪਰਟੀ ਡੀਫੇਸਮੈਂਟ, ਹਥਿਆਰਾਂ ਦਾ ਪ੍ਰਦਰਸ਼ਨ, ਵੋਟਰਾਂ ਨੂੰ ਪ੍ਰਭਾਵਿਤ ਕਰਨ, ਭੜਕਾਊ ਭਾਸ਼ਣ, ਮੁਫ਼ਤ ਸੌਗਾਤਾਂ ਦੀ ਵੰਡ ਸਮੇਤ ਚੋਣਾਂ ਨਾਲ ਸਬੰਧਤ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਬਾਰੇ ਵੀ ਸ਼ਕਿਾਇਤ ਕੀਤੀ ਜਾ ਸਕਦੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਸ੍ਰ. ਕੁਲਵੰਤ ਸਿੰਘ ਨੇ ਨੌਜਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦੀ ਉੱਚਿਤ ਵਰਤੋਂ ਕਰਕੇ ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿੱਚ ਆਪਣੀ ਬਣਦੀ ਹਿੱਸੇਦਾਰੀ ਜਰੂਰ ਪਾਉਣ।