ਰਾਜ ਵਿੱਚ ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਵਿਰੁੱਧ ਹੋਵੇਗੀ ਸਖਤ ਕਾਰਵਾਈ- ਡਾ. ਅਰੋੜਾ

Faridkot Politics Punjab

ਫਰੀਦਕੋਟ 9 ਅਕਤੂਬਰ,

ਪੰਜਾਬ ਪੁਲਿਸ ਵੱਲੋਂ ਨਸ਼ਿਆਂ, ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਏ ਜਾ ਰਹੇ ਵਿਸ਼ੇਸ਼ ਜਾਂਚ ਅਭਿਆਨ (ਕਾਸੋ) ਤਹਿਤ ਫਰੀਦਕੋਟ ਪੁਲਿਸ ਵੱਲੋਂ ਸਮੁੱਚੇ ਜਿਲ੍ਹੇ ਵਿੱਚ ਕਾਸੋ ਅਭਿਆਨ ਚਲਾਇਆ ਗਿਆ, ਜਿਸ ਦੀ ਅਗਵਾਈ ਏ.ਡੀ.ਜੀ.ਪੀ. ਹਿਊਮਨ ਰਾਈਟਜ਼ ਡਾ. ਨਰੇਸ਼ ਕੁਮਾਰ ਅਰੋੜਾ ਵੱਲੋਂ ਕੀਤੀ ਗਈ। ਇਸ ਮੌਕੇ ਡੀ.ਆਈ.ਜੀ ਫਰੀਦਕੋਟ ਰੇਂਜ ਸ੍ਰੀ ਅਸ਼ਵਨੀ ਕੁਮਾਰ ਅਤੇ ਐਸ.ਐਸ.ਪੀ ਡਾ. ਪ੍ਰਗਿੱਆ ਜੈਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਮੌਕੇ ਏ.ਡੀ.ਜੀ.ਪੀ. ਡਾ. ਨਰੇਸ਼ ਕੁਮਾਰ ਅਰੋੜਾ ਨੇ ਦੱਸਿਆ ਕਿ ਡੀ.ਜੀ.ਪੀ. ਪੰਜਾਬ ਦੇ ਆਦੇਸ਼ਾਂ ਤੇ ਮਾੜੇ ਅਨਸਰਾਂ ਖਿਲਾਫ ਵੱਖ ਵੱਖ ਥਾਵਾਂ ਜਿੰਨਾਂ ਵਿੱਚ ਹਾਟਸਪੋਟ ਥਾਵਾਂ ਨੂੰ ਪਛਾਣ ਕੇ ਨਾਕਾਬੰਦੀ ਅਤੇ ਛਾਪੇਮਾਰੀ ਕਰਕੇ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਇਸ ਨਾਲ ਜਿੱਥੇ ਲੋਕਾਂ ਵਿਚ ਪੁਲਿਸ ਵੱਲੋਂ ਕੀਤੇ ਜਾਂਦੇ ਕੰਮਾਂ ਬਾਰੇ ਪਾਰਦਰਸ਼ਤਾ ਪੈਦਾ ਹੁੰਦੀ ਹੈ, ਉੱਥੇ ਹੀ ਉਨ੍ਹਾਂ ਵਿੱਚ ਮਾੜੇ ਅਨਸਰਾਂ ਖਿਲਾਫ ਡਰ ਅਤੇ ਭੈਅ ਵੀ ਖਤਮ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਰਾਜ ਦੇ ਵਸਨੀਕਾਂ ਦੀ ਸੁਰੱਖਿਆ ਲਈ 24 ਘੰਟੇ ਕੰਮ ਕਰਦੀ ਹੈ ਅਤੇ ਪੁਲਿਸ ਕੋਲ ਜੋ ਸ਼ਿਕਾਇਤਾਂ ਦਰਜ ਹੁੰਦੀਆਂ ਹਨ, ਉਨ੍ਹਾਂ ਤੇ ਕਾਰਵਾਈ ਕਰਕੇ ਜਿਆਦਾ ਨਾਜੁਕ ਕੇਸਾਂ ਦੀ ਪਛਾਣ ਕਰਕੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ।

ਡੀ.ਆਈ.ਜੀ ਸ੍ਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਸਮੇਂ ਸਮੇਂ ਤੇ ਚਲਾਏ ਜਾਂਦੇ ਵਿਸ਼ੇਸ਼ ਜਾਂਚ ਦੇ ਚੰਗੇ ਨਤੀਜੇ ਨਿਕਲਦੇ ਕੇ ਸਾਹਮਣੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਨਾਲ ਕਈ ਦੋਸ਼ੀ ਫੜ੍ਹੇ ਜਾਣਗੇ ਅਤੇ ਸਮਾਜ ਵਿਰੋਧੀ ਅਨਸਰਾਂ ਵਿੱਚ ਕਾਨੂੰਨ ਦਾ ਡਰ ਵੀ ਬਣਿਆ ਰਹੇਗਾ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਲਗਾਤਾਰ ਅਜਿਹੇ ਮਾੜੇ ਕੰਮ ਵਿਚ ਲੱਗੇ ਲੋਕਾਂ ਨੂੰ ਫੜਿਆ ਜਾ ਰਿਹਾ ਹੈ।

ਐਸ.ਐਸ.ਪੀ. ਡਾ.ਪ੍ਰੱਗਿਆ ਜੈਨ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਹਰ ਵੇਲੇ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਨਾਲ ਨਜਿੱਠਣ ਲਈ ਤਿਆਰ ਹੈ ਅਤੇ ਆਉਣ ਵਾਲੀਆਂ ਪੰਚਾਇਤੀ ਚੋਣਾਂ ਪੂਰੀ ਨਿਰਪੱਖਤਾ ਅਤੇ ਸ਼ਾਂਤਪੂਰਵਕ ਤਰੀਕੇ ਨਾਲ ਕਰਵਾਈਆਂ ਜਾਣਗੀਆ। ਇਸ ਤੋਂ ਇਲਾਵਾ ਆਉਣ ਵਾਲੇ ਤਿਓਹਾਰਾਂ ਦੇ ਮੱਦੇਨਜ਼ਰ ਵੀ ਪੁਲਿਸ ਵੱਲੋਂ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਮੁੱਚੇ ਫਰੀਦੋਕਟ ਜਿਲ੍ਹੇ ਵਿੱਚ ਫਰੀਦਕੋਟ, ਕੋਟਕਪੂਰਾ, ਜੈਤੋ,ਸਾਦਿਕ ਸਮੇਤ ਵੱਡੀ ਗਿਣਤੀ ਇਲਾਕਿਆਂ ਵਿੱਚ ਜਿਲ੍ਹਾ ਪੁਲਿਸ ਵੱਲੋਂ ਜਾਂਚ ਅਭਿਆਨ (ਕਾਸੋ) ਚਲਾਇਆ ਗਿਆ ਹੈ, ਜੋ ਲਗਾਤਾਰ ਜਾਰੀ ਰਹੇਗਾ।

ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।