ਬਠਿੰਡਾ, 1 ਦਸੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਰਾਜ ਅੰਦਰ ਅਮਨ ਅਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਹਮੇਸ਼ਾ ਵਚਨਬੱਧ ਤੇ ਯਤਨਸ਼ੀਲ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਬਠਿੰਡਾ ਸ਼ਹਿਰੀ ਸ. ਜਗਰੂਪ ਸਿੰਘ ਗਿੱਲ ਨੇ ਪੀਸੀਆਰ ਪੁਲਿਸ ਪਿਕਟਾਂ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਅਤੇ ਜ਼ਿਲ੍ਹਾ ਪੁਲਿਸ ਮੁਖੀ ਮੈਡਮ ਅਮਨੀਤ ਕੌਂਡਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਇਸ ਮੌਕੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਸ਼ਹਿਰ ਅੰਦਰ ਅਮਨ ਅਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਲਗਾਤਾਰ ਹਰ ਸੰਭਵ ਯਤਨ ਕਰ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਗਲੀਆਂ ਵਿੱਚ ਲੁੱਟਾਂ-ਖੋਹਾਂ ਅਤੇ ਹੋਣ ਵਾਲੀਆਂ ਝੜੱਪਾਂ ‘ਤੇ ਪਹਿਲਾਂ ਨਾਲੋਂ ਬਹੁਤ ਕਾਬੂ ਪਾਇਆ ਹੋਇਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਸ਼ਹਿਰ ਅੰਦਰ ਆਮ ਲੋਕਾਂ ਦੀ ਸੁਰੱਖਿਆ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਸ਼ਹਿਰ ਅੰਦਰ ਗੰਭੀਰਤਾ ਵਾਲੀਆਂ ਥਾਵਾਂ ‘ਤੇ ਸੀਸੀਟੀਵੀ ਕੈਮਰੇ ਵੀ ਲਗਾਏ ਜਾ ਰਹੇ ਹਨ ਤਾਂ ਜੋ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਵਾਰਦਾਤਾਂ ਨੂੰ ਠੱਲ ਪਾਈ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਮੈਡਮ ਅਮਨੀਤ ਕੌਂਡਲ ਨੇ ਕਿਹਾ ਕਿ ਸ਼ਹਿਰ ਦੇ ਗੁਰੂਕੁਲ ਰੋਡ ਟੀ ਪੁਆਇੰਟ ਨਹਿਰਾਂ, ਧੋਬੀਆਣਾ ਬਸਤੀ ਬਹਿਮਣ ਪੁਲ, ਪੋਖਰ ਮੱਲ ਦੀ ਕੰਟੀਨ (ਠੰਡੀ ਸੜਕ) ‘ਤੇ ਪੁਲਿਸ ਪਿਕਟਾਂ ਲਗਾਈਆਂ ਜਾਣਗੀਆਂ ਤਾਂ ਜੋ ਆਮ ਲੋਕਾਂ ਦੀ ਸੁਰੱਖਿਆ ਪੂਰੀ ਮੁਸਤੈਦੀ ਨਾਲ ਕੀਤੀ ਜਾ ਸਕੇ।
ਇਸ ਮੌਕੇ ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਆਸ-ਪਾਸ ਦੇ ਖੇਤਰ ਵਿੱਚ ਕਿਤੇ ਵੀ ਕਿਸੇ ਵੀ ਸ਼ਰਾਰਤੀ ਅਨਸਰ ਜਾਂ ਲੁੱਟਾਂ-ਖੋਹਾਂ ਕਰਨ ਵਾਲਿਆਂ ਵੱਲੋਂ ਕਿਸੇ ਵੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਮੁਹੱਈਆ ਕਰਵਾਈ ਜਾਵੇ ਤਾਂ ਜੋ ਇਹਨਾਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।