ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬੁਢਲਾਡਾ ਅਤੇ ਝੁਨੀਰ ਵਿਖੇ ਬਲਾਕ ਪੱਧਰੀ ਖੇਡਾਂ ਵਿਚ ਖਿਡਾਰੀਆਂ ਨੇ ਵਿਖਾਏ ਜੌਹਰ

Mansa Politics Punjab Sports

ਮਾਨਸਾ, 08 ਸਤੰਬਰ:

    ਖੇਡਾਂ ਵਤਨ ਪੰਜਾਬ ਦੀਆਂ ਤਹਿਤ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੁਢਲਾਡਾ ਅਤੇ ਝੁਨੀਰ ਵਿਖੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਆਪਣੇ ਜੌਹਰ ਵਿਖਾਏ।

  ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿਚ ਖਿਡਾਰੀ ਵਧ ਚੜ੍ਹ ਕੇ ਹਿੱਸਾ ਲੈ ਰਹੇ ਨੇ ਅਤੇ ਉਨ੍ਹਾਂ ਵਿਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਝੁਨੀਰ ਵਿਖੇ ਬਲਾਕ ਪੱਧਰੀ ਖੇਡਾਂ ਦਾ ਅੱਜ ਦੂਜਾ ਦਿਨ ਹੈ ਜਦਕਿ ਬੁਢਲਾਡਾ ਵਿਖੇ ਚੌਥੇ ਦਿਨ ਦੀਆਂ ਖੇਡਾਂ ਕਰਵਾਈਆਂ ਗਈਆਂ।

   ਉਨ੍ਹਾਂ ਦੱਸਿਆ ਕਿ ਝੁਨੀਰ ਵਿਖੇ ਅੰਡਰ-17 ਲੜਕੇ ਫੁੱਟਬਾਲ ਵਿਚ ਪਿੰਡ ਬਾਜੇਵਾਲਾ ਪਹਿਲੇ ਅਤੇ ਬੁਰਜ ਭਲਾਈਕੇ ਦੂਜੇ ਸਥਾਨ ‘ਤੇ ਰਿਹਾ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਦੇ ਫੁੱਟਬਾਲ ਮੁਕਾਬਲਿਆਂ ਵਿਚ ਸ.ਸ.ਸ. ਬਾਜੇਵਾਲਾ ਅੱਵਲ ਰਿਹਾ। ਉਨ੍ਹਾਂ ਦੱਸਿਆ ਕਿ ਬੁਢਲਾਡਾ ਵਿਖੇ ਅਥਲੈਟਿਕਸ ਅੰਡਰ-21 ਵਿਚ ਸਤੁਤੀ ਬੁਢਲਾਡਾ ਪਹਿਲੇ, ਪ੍ਰਨੀਤ ਸ.ਸ.ਸ. ਬਰੇਟਾ (ਲੜਕੇ) ਦੂਜੇ ਅਤੇ ਤਨੂ ਬੁਢਲਾਡਾ ਤੀਜੇ ਸਥਾਨ ‘ਤੇ ਰਹੇ।

  ਅੰਡਰ-21 ਲੜਕੇ 200 ਮੀਟਰ ਦੌੜ ਵਿਚ ਹਰਵਿੰਦਰ ਸਿੰਘ ਰਾਮਪੁਰ ਪਹਿਲੇ ਅਤੇ ਸੁਖਵੀਰ ਸਿੰਘ ਦੂਜੇ ਸਥਾਨ ‘ਤੇ ਰਹੇ। ਅੰਡਰ-21 ਲੜਕੀਆਂ 400 ਮੀਟਰ ਵਿਚ ਸਤੁਤੀ ਬੁਢਲਾਡਾ ਨੇ ਬਾਜ਼ੀ ਮਾਰੀ। ਅੰਡਰ-21 ਲੜਕੇ 400 ਮੀਟਰ ਵਿਚ ਨਵਜੋਤ ਸਿੰਘ ਬੁਢਲਾਡਾ ਨੇ ਪਹਿਲਾ, ਕਮਲਦੀਪ ਸਿੰਘ ਭਾਵਾ ਨੇ ਦੂਜਾ ਅਤੇ ਅਨੁਜ ਬੁਢਲਾਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 

  ਅੰਡਰ-21 ਲੜਕੀਆਂ 800 ਮੀਟਰ ਵਿਚ ਸੁਖਪ੍ਰੀਤ ਕੌਰ ਪਹਿਲੇ ਅਤੇ ਤਨੂ ਦੂਜੇ ਸਥਾਨ ‘ਤੇ ਰਹੇ। ਅੰਡਰ-21 ਲੜਕੇ 800 ਮੀਟਰ ਵਿਚ ਜਸਦੀਪ ਸਿੰਘ ਗੁਰੂ ਨਾਨਕ ਕਾਲਜ ਬੁਢਲਾਡਾ ਪਹਿਲੇ, ਵਕੀਲ ਸਿੰਘ ਰੰਘੜਿਆਲ ਦੂਜੇ ਅਤੇ ਗੋਬਿੰਦ ਸਿੰਘ ਬੁਢਲਾਡਾ ਤੀਜੇ ਸਥਾਨ ‘ਤੇ ਰਹੇ।

  ਲੰਬੀ ਛਾਲ (ਲੜਕੇ) ਵਿਚ ਕੁਲਜੀਤ ਸਿੰਘ ਨੇ ਪਹਿਲਾ, ਸੁਖਮਨਪ੍ਰੀਤ ਸਿੰਘ ਮਲਕਪੁਰ ਨੇ ਦੂਜਾ ਅਤੇ ਦਿਲਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਗੋਲਾ ਸੁੱਟਣ ਵਿਚ ਲਖਵਿੰਦਰ ਸਿੰਘ ਭਾਦੜਾ ਅੱਵਲ ਰਹੇ ਜਦਕਿ ਆਕਾਸ਼ਦੀਪ ਬੋੜਾਵਾਲ ਦੂਜੇ ਅਤੇ ਗੁਰਵਿੰਦਰ ਸਿੰਘ ਤੀਜੇ ਸਥਾਨ ‘ਤੇ ਰਹੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅਥਲੈਟਿਕਸ ਵਿਚ ਵੱਖ ਵੱਖ ਉਮਰ ਵਰਗ ਦੇ ਹੋਰ ਮੁਕਾਬਲੇ ਕਰਵਾਏ ਗਏ ਜਿਸ ਵਿਚ ਖਿਡਾਰੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ।