ਸਪੀਕਰ ਸੰਧਵਾਂ ਆਮ ਲੋਕਾਂ ਦੇ ਹੋਏ ਰੂਬਰੂ, ਸੁਣੀਆਂ ਮੁਸ਼ਕਿਲਾਂ

Faridkot

ਕੋਟਕਪੂਰਾ (ਫਰੀਦਕੋਟ) 24 ਜੂਨ,

ਆਮ ਲੋਕਾਂ ਨੂੰ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੱਲ ਕਰਨ ਦੇ ਉਦੇਸ਼ ਨਾਲ ਅੱਜ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਸਥਾਨਕ ਬੀ.ਡੀ.ਪੀ.ਓ ਦਫਤਰ ਵਿਖੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਲੋਕਾਂ ਦੇ ਰੂਬਰੂ ਹੋਏ।

ਇਸ ਮੌਕੇ ਬੋਲਦਿਆਂ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਉਨ੍ਹਾਂ ਦੀ ਇੱਕੋ ਕੋਸ਼ਿਸ਼ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਕਿਸੇ ਵੀ ਆਮ ਨਾਗਰਿਕ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ। ਇਸ ਦੇ ਲਈ ਉਹ ਖੁਦ ਲੋਕਾਂ ਨਾਲ ਰੂਬਰੂ ਹੋ ਕੇ ਉਨ੍ਹਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਨੂੰ ਸੁਣਦੇ ਹਨ। ਉਨ੍ਹਾਂ ਕਿਹਾ ਕਿ ਇਸੇ ਹੀ ਲੜੀ ਤਹਿਤ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣ ਕੇ ਮੌਕੇ ਤੇ ਮੌਜੂਦ ਅਧਿਕਾਰੀਆਂ ਨੂੰ ਫੌਰੀ ਤੌਰ ਤੇ ਹੱਲ ਕਰਨ ਦੇ ਆਦੇਸ਼ ਦਿੱਤੇ । ਉਨ੍ਹਾਂ ਕਿਹਾ ਕਿ ਕੁਝ ਕੁ ਸ਼ਿਕਾਇਤਾਂ ਅਜਿਹੀਆਂ ਸਨ, ਜਿੰਨਾ ਨੂੰ ਮੌਕੇ ਤੇ ਹੀ ਹੱਲ ਕੀਤਾ ਗਿਆ ਹੈ ਅਤੇ ਰਹਿੰਦਿਆਂ ਬਾਕੀਆਂ ਸ਼ਿਕਾਇਤਾਂ ਨੂੰ ਜਲਦੀ ਹੱਲ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਦਫਤਰਾਂ ਵਿੱਚ ਕਿਸੇ ਵੀ ਪ੍ਰਾਰਥੀ ਨੂੰ ਲੰਮੀ ਲਾਈਨ ਅਤੇ ਦੇਰ ਤੱਕ ਉਡੀਕ ਕਰਨ ਵਾਲੀ ਪ੍ਰਕਿਰਿਆ ਤੋਂ ਨਹੀਂ ਗੁਜ਼ਰਨਾ ਪੈਂਦਾ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਵਟਸਅਪ ਨੰਬਰ 95012-00200, 1076 ਨੰਬਰ ਡਾਇਲ ਕਰਨ ਨਾਲ ਜਿੱਥੇ ਸੂਬੇ ਵਿੱਚ ਭ੍ਰਿਸ਼ਟਾਚਾਰ ਤੇ ਨਕੇਲ ਕੱਸੀ ਗਈ ਹੈ, ਉੱਥੇ ਨਾਲ ਹੀ ਹੁਣ ਲੋਕਾਂ ਦੇ ਕੰਮ ਸਰਕਾਰੀ ਫੀਸ ਦੇ ਕੇ ਹੀ ਹੋ ਜਾਂਦੇ ਹਨ। ਇਸ ਪ੍ਰਕਿਰਿਆ ਨਾਲ ਲੋਕਾਂ ਤੇ ਵਾਧੂ ਵਿੱਤੀ ਬੋਝ ਨਹੀਂ ਪੈਂਦਾ।

ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਵੱਲੋਂ ਲੋਕਾਂ ਨੂੰ ਹੋਰ ਸਹੂਲਤ ਦੇਣ ਲਈ ਪਿੰਡ ਪੱਧਰ ਤੇ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਿਤੀ 28 ਜੂਨ ਨੂੰ ਵੀ ਪਿੰਡ ਖਾਰਾ ਵਿਖੇ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਪਿੰਡ ਖਾਰਾ, ਵਾੜਾਦਰਾਕਾ, ਮੌੜ ਅਤੇ ਠਾੜ੍ਹਾ ਦੇ ਵਸਨੀਕ ਪਹੁੰਚ ਕੇ ਆਪਣੇ ਕੰਮ ਆਪਣੇ ਪਿੰਡ ਵਿੱਚ ਹੀ ਕਰਵਾ ਸਕਦੇ ਹਨ। ਉਨ੍ਹਾਂ ਸਬੰਧਤ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸੁਵਿਧਾ ਕੈਂਪ ਵਿੱਚ ਪਹੁੰਚ ਕੇ ਇਸ ਦਾ ਵੱਧ ਦਾ ਵੱਧ ਲਾਭ ਉਠਾਉਣ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ, ਪਾਰਟੀ ਵਰਕਰ ਅਤੇ ਆਹੁਦੇਦਾਰ ਮੌਜੂਦ ਸਨ।