ਕੋਟਕਪੂਰਾ, 11 ਜਨਵਰੀ ( ) :- ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਹਲਕਾ ਕੋਟਕਪੂਰਾ ਦੇ ਵੱਖ ਵੱਖ ਵਾਰਡਾਂ, ਗਲੀ-ਮੁਹੱਲਿਆਂ ਤੋਂ ਇਲਾਵਾ ਪਿੰਡਾਂ ਦੇ ਵਿਕਾਸ ਕਾਰਜ ਪਹਿਲੇ ਦਿਨ ਤੋਂ ਹੀ ਸ਼ੁਰੂ ਕਰ ਦਿੱਤੇ ਗਏ ਹਨ, ਜਿੰਨਾ ਦੀ ਵਿਰੋਧੀ ਪਾਰਟੀਆਂ ਵਲੋਂ ਵੀ ਪ੍ਰਸੰਸਾ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਗੈਰੀ ਵੜਿੰਗ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਮੁਕਤਸਰ ਰੋਡ ਕੋਟਕਪੂਰਾ ਤੋਂ ਪਿੰਡ ਕੋਠੇ ਵੜਿੰਗ ਨੂੰ ਗੈਸ ਏਜੰਸੀ ਵਾਲੀ ਜਾਂਦੀ ਸੜਕ ਦੀ ਖਸਤਾ ਹਾਲਤ ਤੋਂ ਪ੍ਰੇਸ਼ਾਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਦੀ ਉਕਤ ਸਮੱਸਿਆ ਅੱਜ ਤੋਂ ਦੂਰ ਹੋ ਜਾਵੇਗੀ। ਉਹਨਾਂ ਦੱਸਿਆ ਕਿ ਸਪੀਕਰ ਸੰਧਵਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਡਵੋਕੇਟ ਬੀਰਇੰਦਰ ਸਿੰਘ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਮਨਜਿੰਦਰ ਸਿੰਘ ਗੋਪੀ, ਇੰਸ. ਪਰਮਜੀਤ ਸਿੰਘ, ਸੁਖਜਿੰਦਰ ਸਿੰਘ ਤੱਖੀ ਦੀ ਨਿਗਰਾਨੀ ਹੇਠ ਕੋਠੇ ਵੜਿੰਗ ਵਾਲੀ ਸੜਕ ਤੋਂ ਇਲਾਵਾ ਹਰੀਨੌ ਫਾਟਕ ਤੋਂ ਕੋਠੇ ਸੈਣੀਆਂ ਗੁਰਦਵਾਰਾ ਸਾਹਿਬ ਤੱਕ, ਸਿੱਖਾਂ ਵਾਲਾ ਰੋਡ ਕੋਟਕਪੂਰਾ, ਮੇਹਰ ਦੀ ਚੱਕੀ ਤੋਂ ਰਾਸ਼ਟਰੀ ਰਾਜ ਮਾਰਗ ਨੰਬਰ 54 ਤੱਕ, ਬਠਿੰਡਾ ਰੋਡ ਕੋਟਕਪੂਰਾ ਤੋਂ ਜੋਧ ਸ਼ਹੀਦ ਰੋਡ ਵਾਲੀ ਸੜਕ ’ਤੇ ਸਥਿੱਤ ਆੜਤੀਆ ਐਸੋਸੀਏਸ਼ਨ ਦੇ ਦਫਤਰ ਵਾਲੀਆਂ ਸੜਕਾਂ ਦੇ ਨਿਰਮਾਣ ਲਈ ਅੱਜ ਸ਼ੁਰੂਆਤ ਕਰ ਦਿੱਤੀ ਗਈ। ਐਡਵੋਕੇਟ ਬੀਰਇੰਦਰ ਸਿੰਘ ਨੇ ਦੱਸਿਆ ਕਿ ਸਪੀਕਰ ਸੰਧਵਾਂ ਵਲੋਂ ਠੇਕੇਦਾਰਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਜੇਕਰ ਮਿਆਰੀ ਮਟੀਰੀਅਲ ਦੀ ਵਰਤੋਂ ਨਾ ਕੀਤੀ ਗਈ ਤਾਂ ਇਸ ਦੀ ਜਾਂਚ ਬਕਾਇਦਾ ਵਿਜੀਲੈਂਸ ਤੋਂ ਕਰਵਾਈ ਜਾਵੇਗੀ। ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨੇ ਠੇਕੇਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਉਪਰੋਕਤ ਚਾਰਾਂ ਸੜਕਾਂ ਦਾ ਨਿਰਮਾਣ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਅੰਦਰ ਨੇਪਰੇ ਚਾੜਨ।
ਸਪੀਕਰ ਸੰਧਵਾਂ ਵਲੋਂ ਚਾਰ ਪ੍ਰਮੁੱਖ ਸੜਕਾਂ ਦਾ ਨਿਰਮਾਣ ਪਹਿਲ ਦੇ ਆਧਾਰ ’ਤੇ ਕਰਵਾਉਣ ਦੀ ਹਦਾਇਤ


