ਕੋਟਕਪੂਰਾ 08 ਮਾਰਚ 2024
ਕਬੱਡੀ ਟੂਰਨਾਮੈਂਟ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਟਹਿਣਾ ਵੈਲਫੇਅਰ ਕਲੱਬ ਵਲੋਂ ਕਰਵਾਏ ਕਬੱਡੀ ਟੂਰਨਾਮੈਂਟ ਦੌਰਾਨ ਕੀਤੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਦੇ ਹੋਏ, ਵੈਲਫੇਅਰ ਕਲੱਬ ਦੇ ਮੈਬਰਾਂ ਮਾਸਟਰ ਜਗਦੇਵ ਸਿੰਘ, ਭੋਲਾ ਸਿੰਘ ਟਹਿਣਾ ਬਲਾਕ ਪ੍ਰਧਾਨ, ਇੰਦਰਜੀਤ ਸਿੰਘ ਬਰਾੜ, ਬਲਜੀਤ ਸਿੰਘ, ਬਲਦੇਵ ਸਿੰਘ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਅਤੇ ਸੇਵਕ ਸਿੰਘ ਦੀ ਹਾਜ਼ਰੀ ਵਿਚ ਟਹਿਣਾ ਵੈਲਫੇਅਰ ਕਲੱਬ ਨੂੰ 21ਹਜਾਰ ਰੁਪਏ ਦਾ ਚੈੱਕ ਭੇਂਟ ਕੀਤਾ।
ਚੈਕ ਭੇਂਟ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਖੇਡਾਂ ਨਾਲ ਖੇਡਣ ਵਾਲੇ ਹੀ ਨਹੀਂ ਸਗੋਂ ਖੇਡਾਂ ਦੇਖਣ ਵਾਲੇ ਵੀ ਉਤਸ਼ਾਹਿਤ ਹੁੰਦੇ ਹਨ। ਇਸ ਤਰ੍ਹਾਂ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਜਾਗਰੂਕਤਾ ਪੈਦਾ ਹੁੰਦੀ ਹੈ ਅਤੇ ਖੇਡਾਂ ਨਸ਼ਿਆਂ ਤੋਂ ਦੂਰ ਰਹਿਣ ਵਿਚ ਵੀ ਸਹਾਈਕ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਮੰਤਵ ਖੇਡਾਂ ਦੇ ਨਾਲ ਨਾਲ ਚੰਗੀ ਸਿੱਖਿਆ ਮੁਹੱਈਆ ਕਰਵਾਉਣਾ ਵੀ ਹੈ। ਇਸ ਲਈ ਵੀ ਸਰਕਾਰ ਵੱਲੋਂ ਵੱਡੀ ਪੱਧਰ ਤੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਪੰਜਾਬ ਸਰਾਕਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡਾ ਵਿਚ ਖੇਡਾਂ ਨਾਲ ਸਬੰਧਤ ਹਰੇਕ ਤਰ੍ਹਾਂ ਦਾ ਸਾਮਾਨ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਹ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਨਾ ਤਾਂ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਉਤਸ਼ਾਹ ਦੀ ਘਾਟ ਹੈ ਅਤੇ ਨਾਹੀ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਹੈ।
ਇਸ ਮੌਕੇ ਮਨਪ੍ਰੀਤ ਸਿੰਘ ਧਾਲੀਵਾਲ ਅਤੇ ਸੁਖਵੰਤ ਸਿੰਘ ਸਰਾਂ ਜਿਲ੍ਹਾ ਯੂਥ ਪ੍ਰਧਾਨ ਵਿਸੇਸ਼ ਤੌਰ ਤੇ ਹਾਜ਼ਰ ਸਨ।