ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਦੌਧਰ ਵਿਖੇ ਬਰਸੀ ਸਮਾਗਮ ਵਿੱਚ ਸ਼ਿਰਕਤ

Moga Politics Punjab

ਪਿੰਡ ਦੌਧਰ (ਮੋਗਾ), 17 ਦਸੰਬਰ (000) – ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਨਿਰਮਲ ਆਸ਼ਰਮ (ਵੱਡਾ ਡੇਰਾ) ਦੌਧਰ ਵਿਖੇ ਸੰਤ ਬਾਬਾ ਸੰਤਾ ਸਿੰਘ ਅਤੇ ਸੰਤ ਬਾਬਾ ਉਜਾਗਰ ਸਿੰਘ ਦੀ ਯਾਦ ਵਿੱਚ ਚੱਲ ਰਹੇ ਤਿੰਨ ਰੋਜ਼ਾ ਬਰਸੀ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਸੰਤਾਂ ਮਹਾਂਪੁਰਖਾਂ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਸ੍ਰ ਮਨਜੀਤ ਸਿੰਘ ਬਿਲਾਸਪੁਰ, ਬਾਬਾ ਦੀਪਕ ਸਿੰਘ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਹਾਜ਼ਰ ਸਨ।

ਇਸ ਮੌਕੇ ਸੰਗਤ ਨਾਲ ਵਿਚਾਰ ਚਰਚਾ ਕਰਦਿਆਂ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਪੰਜਾਬ ਦੇ ਵੱਡੇ ਭਾਗ ਹਨ ਕਿ ਇਸ ਧਰਤੀ ਉੱਤੇ ਕਈ ਸੰਤਾਂ ਮਹਾਂਪੁਰਖਾਂ ਨੇ ਜਨਮ ਲਿਆ ਅਤੇ ਸੂਬੇ ਅਤੇ ਲੋਕਾਂ ਦੇ ਸਰਬਪੱਖੀ ਵਿਕਾਸ ਵਿਚ ਬਹੁਤ ਯੋਗਦਾਨ ਪਾਇਆ। ਉਹਨਾਂ ਕਿਹਾ ਕਿ ਆਮ ਕਿਹਾ ਜਾਂਦਾ ਹੈ ਕਿ ਪੰਜਾਬ ਤਾਂ ਵੱਸਦਾ ਹੀ ਗੁਰੂਆਂ ਦੇ ਨਾਮ ਉੱਤੇ ਹੈ। ਉਹਨਾਂ ਬਰਸੀ ਸਮਾਗਮ ਉੱਤੇ ਸੰਤ ਬਾਬਾ ਸੰਤਾ ਸਿੰਘ ਅਤੇ ਸੰਤ ਬਾਬਾ ਉਜਾਗਰ ਸਿੰਘ ਵੱਲੋਂ ਸਮਾਜ ਪ੍ਰਤੀ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਇਹਨਾਂ ਸੰਤਾਂ ਮਹਾਂਪੁਰਖਾਂ ਵੱਲੋਂ ਪਾਏ ਇਸ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ।

ਇਸ ਮੌਕੇ ਸ੍ਰ ਸੰਧਵਾਂ ਨੇ ਸੰਗਤ ਨੂੰ ਅਪੀਲ ਵੀ ਕੀਤੀ ਕਿ ਉਹ ਸੂਬੇ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਆਪਣਾ ਸਹਿਯੋਗ ਜ਼ਰੂਰ ਦੇਣ। ਸੂਬੇ ਦਾ ਸਰਬਪੱਖੀ ਵਿਕਾਸ ਸੰਤਾਂ ਮਹਾਂਪੁਰਖਾਂ ਦੇ ਆਸ਼ੀਰਵਾਦ ਅਤੇ ਲੋਕਾਂ ਦੇ ਸਰਗਰਮ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ।