ਐਸ.ਏ.ਐਸ.ਨਗਰ, 30 ਅਪ੍ਰੈਲ 2024:
ਭਾਰਤ ਸਰਕਾਰ ਵੱਲੋਂ ਮਿੱਟੀ ਪਰਖ ਦੇ ਕੰਮ ਨੂੰ ਹੁੰਗਾਰਾ ਦੇਣ ਲਈ ਪਾਇਲਟ ਪ੍ਰੋਜੈਕਟ ਦੇ ਤਹਿਤ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਬਲਾਕ ਮਾਜਰੀ ਜਵਾਹਰ ਨਵੋਦਿਆ ਵਿਦਿਆਲਾ ਪਿੰਡ ਰਕੋਲੀ ਵਿੱਚ ਮਿੱਟੀ ਪਰਖ ਸਬੰਧੀ ਚਲਾਈ ਜਾ ਰਹੀ ਮੁਹਿੰਮ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਦੀ ਪ੍ਰਧਾਨਗੀ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਰਮਨ ਕਰੋੜੀਆ ਦੀ ਅਗਵਾਈ ਹੇਠ ਮਿੱਟੀ ਦੇ ਸੈਂਪਲ ਇੱਕਠੇ ਕਰਨ ਸਬੰਧੀ ਟ੍ਰੇਨਿੰਗ ਦਿੱਤੀ ਗਈ। ਇਸ ਟ੍ਰੇਨਿੰਗ ਵਿੱਚ ਬਲਾਕ ਖੇਤੀਬਾੜੀ ਅਫਸਰ ਮਾਜਰੀ, ਵੱਲੋਂ ਜਵਾਹਰ ਨਵੋਦਿਆ ਵਿਦਿਆਲਾ ਦੇ ਵਿਦਿਆਰਥੀਆਂ ਨੂੰ ਮਿੱਟੀ ਦੇ ਸੈਂਪਲ ਲੈਣ ਬਾਰੇ ਚਾਨਣਾ ਪਾਇਆ ਗਿਆ ਅਤੇ ਮਿੱਟੀ ਵਿੱਚ ਪਾਏ ਜਾਣ ਵਾਲੇ ਛੋਟੇ ਅਤੇ ਵੱਡੇ ਤੱਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਕ੍ਰਿਸ਼ੀ ਵਿਗਿਆਨ ਕੇਂਦਰ ਤੋ ਆਏ ਮਾਹਿਰ ਡਾ. ਮੁਨੀਸ਼ ਕੁਮਾਰ ਨੇ ਮਿੱਟੀ ਟੈਸਟ ਕਰਵਾਉਣ ਤੋਂ ਬਾਅਦ ਸੰਤੁਲਿਤ ਖਾਦਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਖੇਤੀਬਾੜੀ ਵਿਕਾਸ ਅਫਸਰ ਡਾ. ਚਰਨਜੀਤ ਸਿੰਘ ਨੇ ਮਿੱਟੀ ਵਿੱਚ ਪਾਈਆ ਜਾਂਦੀਆਂ ਵੱਖ ਵੱਖ ਪਰਤਾਂ ਬਾਰੇ ਵਿਚਾਰ ਸਾਂਝੇ ਕੀਤੇ। ਸ੍ਰੀ ਜਸਵੰਤ ਸਿੰਘ ਏ.ਟੀ.ਐਮ ਵੱਲੋਂ ਸਕੂਲ ਅਧਿਆਪਕ ਸ਼੍ਰੀ ਸ਼ੁਭਜੀਤ ਰਾਏ ਅਤੇ ਸਕੂਲੀ ਵਿਦਿਆਰਥੀਆਂ ਨੂੰ ਸੈਂਪਲ ਲੈਣ ਦੀ ਵਿਧੀ ਬਾਰੇ ਪ੍ਰਦਰਸ਼ਨੀ ਰਾਹੀਂ ਜਾਣਕਾਰੀ ਦਿੱਤੀ ਗਈ। ਬਾਅਦ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਸਕੂਲ ਬੱਚਿਆਂ ਨੂੰ ਦਿੱਤੀ ਗਈ ਟ੍ਰੇਨਿੰਗ ਅਨੁਸਾਰ ਮਿੱਟੀ ਦੇ ਸੈਂਪਲ ਇੱਕਤਰ ਕੀਤੇ ਗਏ ਜੋ ਕਿ ਜਵਾਹਰ ਨਵੋਦਿਆ ਵਿਦਿਆਲਾ ਦੀ ਲੈਬਾਰਟਰੀ ਵਿੱਚ ਜਮ੍ਹਾਂ ਕਰਵਾਏ ਗਏ। ਸੈਂਪਲ ਲੈਣ ਸਮੇਂ ਪਿੰਡ ਸਾਹਪੁਰ ਦੇ ਕਿਸਾਨ ਸ਼੍ਰੀ ਸੇਵਾ ਸਿੰਘ, ਸ਼੍ਰੀ ਗੁਰਪ੍ਰੀਤ ਸਿੰਘ, ਸ਼੍ਰੀ ਹਰਮਨਜੀਤ ਸਿੰਘ, ਸ਼੍ਰੀ ਲਖਵੀਰ ਸਿੰਘ ਅਤੇ ਪ੍ਰੀਤ ਸਤਿੰਦਰ ਸਿੰਘ ਆਦਿ ਵੀ ਮੌਜੂਦ ਸਨ।