ਐਸ.ਬੀ.ਐਸ. ਨਗਰ ਤੋਂ ਫੜੀ ਡੀ.ਏ.ਪੀ. ਖਾਦ ਵਿੱਚ ਨਾਈਟ੍ਰੋਜਨ ਤੇ ਫਾਸਫੋਰਸ ਦੀ ਵੱਡੀ ਕਮੀ ਬਾਰੇ ਲੈਬ ਟੈਸਟ ਵਿੱਚ ਹੋਈ ਪੁਸ਼ਟੀ; ਐਫਆਈਆਰ ਦਰਜ

Politics Punjab

ਚੰਡੀਗੜ੍ਹ, 26 ਨਵੰਬਰ:

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਐਸ.ਬੀ.ਐਸ.ਨਗਰ ਜ਼ਿਲ੍ਹੇ ਤੋਂ ਪਿਛਲੇ ਦਿਨੀਂ ਜ਼ਬਤ ਕੀਤੀ ਗਈ ਡਾਇਮੋਨੀਅਮ ਫਾਸਫੇਟ (ਡੀ.ਏ.ਪੀ.) ਖਾਦ ਦੀਆਂ 23 ਬੋਰੀਆਂ (ਹਰੇਕ 50 ਕਿਲੋ) ਬਾਅਦ ਖਾਦ ਦੀ ਲੈਬਾਟਰੀ ਜਾਂਚ ਸਬੰਧੀ ਪ੍ਰਾਪਤ ਹੋਈ ਰਿਪੋਰਟ ਵਿੱਚ ਜ਼ਬਤ ਕੀਤੇ ਸਟਾਕ ‘ਚ ਨਾਈਟ੍ਰੋਜਨ ਅਤੇ ਫਾਸਫੋਰਸ ਦੀ ਵੱਡੀ ਕਮੀ ਦਰਜ ਕੀਤੀ ਗਈ ਹੈ।  

ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਡੀ.ਏ.ਪੀ. ਵਿੱਚ ਆਮ ਤੌਰ ‘ਤੇ 18 ਫੀਸਦ ਨਾਈਟ੍ਰੋਜਨ, 46 ਫੀਸਦ ਫਾਸਫੋਰਸ ਅਤੇ 39.5 ਫੀਸਦ ਪਾਣੀ ਵਿੱਚ ਘੁਲਣਸ਼ੀਲ ਫਾਸਫੋਰਸ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਲੈਬਾਟਰੀ ਜਾਂਚ ਸਬੰਧੀ ਸਾਹਮਣੇ ਆਈਆਂ ਟੈਸਟ ਰਿਪੋਰਟਾਂ ਤੋਂ ਖਾਦ ਵਿੱਚ ਮਹਿਜ਼ 2.80 ਫੀਸਦ ਨਾਈਟ੍ਰੋਜਨ, 16.23 ਫੀਸਦ ਫਾਸਫੋਰਸ ਅਤੇ 14.10 ਫੀਸਦ ਪਾਣੀ ਵਿੱਚ ਘੁਲਣਸ਼ੀਲ ਫਾਸਫੋਰਸ ਦੀ ਮਾਤਰਾ ਦਾ ਪਤਾ ਚੱਲਿਆ ਹੈ।

ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਕਿਸਾਨਾਂ ਨੇ ਡੀ.ਏ.ਪੀ. ਖਾਦ ਨੂੰ ਮਹਿੰਗੇ ਭਾਅ ਵੇਚੇ ਜਾਣ ਬਾਰੇ ਸ਼ਿਕਾਇਤ ਕੀਤੀ ਸੀ, ਜਿਸ ਦੇ ਚੱਲਦਿਆਂ ਖੇਤੀਬਾੜੀ ਵਿਭਾਗ ਦੀ ਟੀਮ ਨੇ ਪੁਲਿਸ ਨਾਲ ਮਿਲ ਕੇ ਪਿੰਡ ਉੜਾਪੜ ਜ਼ਿਲ੍ਹਾ ਐਸ.ਬੀ.ਐਸ.ਨਗਰ ਵਿਖੇ ਮੈਸਰਜ਼ ਸਿੰਘ ਟਰੇਡਰਜ਼ ਦੇ ਮਾਲਕ ਹਰਕੀਰਤ ਸਿੰਘ ਦੇ ਘਰ ਛਾਪਾ ਮਾਰਿਆ ਅਤੇ  ਛਾਪੇਮਾਰੀ ਦੌਰਾਨ ਗੈਰ-ਕਾਨੂੰਨੀ ਢੰਗ ਨਾਲ ਸਟੋਰ ਕੀਤੀਆਂ ਡੀ.ਏ.ਪੀ. ਦੀਆਂ 23 ਬੋਰੀਆਂ ਬਰਾਮਦ ਹੋਈਆਂ ਸਨ।

ਦੱਸਣਯੋਗ ਹੈ ਕਿ ਹਰਕੀਰਤ ਸਿੰਘ ਵਿਰੁੱਧ 14 ਨਵੰਬਰ ਨੂੰ ਥਾਣਾ ਔੜ (ਐਸ.ਬੀ.ਐਸ. ਨਗਰ) ਵਿਖੇ ਜ਼ਰੂਰੀ ਵਸਤਾਂ ਕਾਨੂੰਨ, 1955 ਦੀ ਧਾਰਾ 3(2) ਸੀ, ਡੀ ਅਤੇ ਖਾਦ (ਕੰਟਰੋਲ) ਆਰਡਰ, 1985 ਦੀਆਂ ਧਾਰਾਵਾਂ 5, 7, ਅਤੇ 3(3) ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਖੇਤੀਬਾੜੀ ਵਿਭਾਗ ਨੇ ਜ਼ਬਤ ਕੀਤੀ ਡੀ.ਏ.ਪੀ. ਖਾਦ ਦੇ ਨਮੂਨੇ ਖਾਦ ਗੁਣਵੱਤਾ ਕੰਟਰੋਲ ਲੈਬਾਰਟਰੀ, ਲੁਧਿਆਣਾ ਨੂੰ ਭੇਜੇ ਸਨ, ਜਿਸ ਤੋਂ ਪ੍ਰਾਪਤ ਹੋਈ ਰਿਪੋਰਟ ਵਿੱਚ ਬਰਾਮਦ ਕੀਤੀ ਖਾਦ ਦਾ ਸਟਾਕ ਘਟੀਆ ਮਿਆਰ ਦਾ ਪਾਇਆ ਗਿਆ।  

ਸ. ਗੁਰਮੀਤ ਸਿੰਘ ਖੁੱਡੀਆਂ ਨੇ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਚੇਤਾਵਨੀ ਦਿੱਤੀ ਕਿ ਇਸ ਕੁਤਾਹੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਖੇਤੀਬਾੜੀ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸੂਬੇ ਭਰ ਵਿੱਚ ਖਾਦ ਅਤੇ ਬੀਜਾਂ ਦੀ ਚੈਕਿੰਗ ਸਬੰਧੀ ਵਿਸ਼ੇਸ਼ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਵੀ ਕਿਹਾ।