ਸਰਪੰਚ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਿਕ ਲੋਕਹਿੱਤ ਕੰਮ ਕਰਨ ਨੂੰ ਤਰਜੀਹ ਦੇਣ-ਵਧੀਕ ਡਿਪਟੀ ਕਮਿਸ਼ਨਰ

Politics Punjab

ਮਾਨਸਾ, 29 ਨਵੰਬਰ :
ਸਮੂਹ ਸਰਪੰਚ ਆਪਣੇ ਫਰਜ਼ਾਂ ਨੂੰ ਨਿਸ਼ਚਾ-ਪੂਰਵਕ ਅਤੇ ਇਮਾਨਦਾਰੀ ਨਾਲ ਨਿਭਾਉਣ ਅਤੇ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨ੍ਹਾਂ ਕਿਸੇ ਡਰ, ਪੱਖਪਾਤ, ਸੰਦੇਹ ਜਾਂ ਮਾੜੀ ਭਾਵਨਾ ਦੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਿਕ ਲੋਕਹਿੱਤ ਕੰਮ ਕਰਨ ਨੂੰ ਤਰਜੀਹ ਦੇਣ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਆਕਾਸ਼ ਬਾਂਸਲ ਨੇ ਬਲਾਕ ਮਾਨਸਾ ਦੀਆਂ ਗ੍ਰਾਮ ਪੰਚਾਇਤਾਂ ਦੇ ਨਵੇਂ ਚੁਣੇ ਗਏ ਸਰਪੰਚਾਂ ਨਾਲ ਕੀਤੀ ਇੱਕ ਅਹਿਮ ਮੀਟਿੰਗ ਦੌਰਾਨ ਕੀਤਾ।
ਸ਼੍ਰੀ ਆਕਾਸ਼ ਬਾਂਸਲ ਨੇ ਜ਼ਿਲ੍ਹੇ ਅੰਦਰ ਸਰਪੰਚਾਂ-ਪੰਚਾਂ ਦੀ ਚੋਣ ਅਮਨ-ਸ਼ਾਂਤੀ ਨਾਲ ਹੋਣ ’ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਰਪੰਚ ਪਿੰਡ ਦੇ ਸਰਵਪੱਖੀ ਵਿਕਾਸ ਲਈ ਜਿੰਮੇਵਾਰ ਹੁੰਦਾ ਹੈ ਇਸ ਲਈ ਉਹ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਹਮੇਸ਼ਾਂ ਪਹਿਲ ਦੇ ਆਧਾਰ ’ਤੇ ਕਰਵਾਉਣ। ਉਨ੍ਹਾਂ ਨੇ ਨਵੀਆਂ ਚੁਣੀਆਂ ਗਈਆਂ ਮਹਿਲਾਂ ਸਰਪੰਚਾਂ ਨੂੰ ਕਿਹਾ ਕਿ ਉਹ ਆਪਣਾ ਕੰਮ ਖੁਦ ਸੰਭਾਲਣ ਅਤੇ ਲੋੜ ਪੈਣ ਤੇ ਹੀ ਆਪਣੇ ਪਰਿਵਾਰ ਮੈਬਰਾਂ ਦਾ ਸਹਿਯੋਗ ਲੈਣ।
ਇਸ ਮੌਕੇ ਪਿੰਡਾਂ ਦੇ ਸਰਪੰਚਾਂ ਵੱਲੋਂ ਆਪਣੇ-ਆਪਣੇ ਪਿੰਡਾਂ ਦੇ ਵੱਖ-ਵੱਖ ਕੰਮਾਂ ਦੀ ਡਿਮਾਂਡ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਆਕਾਸ਼ ਬਾਂਸਲ ਨੂੰ ਦਿੱਤੀ ਗਈ, ਜਿਸ ਵਿੱਚ ਲਾਇਬਰੇਰੀ ਬਣਾਉਣ ਲਈ ਪਿੰਡ ਖਿਆਲਾ ਕਲਾਂ ਅਤੇ ਗਾਗੋਵਾਲ ਦੇ ਸਰਪੰਚਾਂ ਵੱਲੋਂ ਮੰਗ ਕੀਤੀ ਗਈ ਅਤੇ ਸਟੇਡੀਅਮ ਬਣਾਉਣ ਲਈ ਪਿੰਡ ਹੀਰੇਵਾਲਾ, ਮਲਕਪੁਰ, ਠੂਠਿਆਵਾਲੀ, ਖਿਆਲਾ ਕਲਾਂ, ਅਸਪਾਲ ਕੋਠੇ, ਮਾਨਸਾ ਕੈਂਚੀਆ, ਗਾਗੋਵਾਲ, ਖਿੱਲਣ ਦੇ ਸਰਪੰਚਾਂ ਵੱਲੋਂ ਮੰਗ ਕੀਤੀ ਗਈ। ਉਨ੍ਹਾਂ ਵੱਲੋਂ ਸਰਪੰਚਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਡਿਮਾਂਡ ਵਿਚਲੇ ਕੰਮ ਪਹਿਲ ਦੇ ਅਧਾਰ ’ਤੇ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪਿੰਡ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਆਉਦੀ ਹੈ ਤਾਂ ਉਹ ਆਪਣੀ ਅਰਜ਼ੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਾਨਸਾ ਦੇ ਦਫ਼ਤਰ ਵਿਖੇ ਦੇ ਸਕਦੇ ਹਨ ਜਾਂ ਮੋਬਾਇਲ ਨੰਬਰ 94642—30352 ’ਤੇ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਬੀ.ਡੀ.ਪੀ.ਓ. ਸ੍ਰੀ ਧਰਮਪਾਲ ਸ਼ਰਮਾ, ਉਪ ਮੰਡਲ ਇੰਜੀਨੀਅਜਰ ਵਾਟਰ ਸਪਲਾਈ ਐਡ ਸੈਨੀਟੇਸ਼ਨ ਸ੍ਰੀ ਕਰਮਜੀਤ ਸਿੰਘ ਅਤੇ ਜੇ.ਈ. ਗੁਰਲਾਲ ਸਿੰਘ ਹਾਜ਼ਰ ਸਨ।