ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਾਲ ਪੰਚਾਇਤਾਂ ਨੂੰ ਜੋੜਨ ਦੀ ਸ਼ੁਰੂੁਆਤ ਡੇਰਾਬੱਸੀ ਤੋਂ ਕੀਤੀ

Latest News

ਚੰਡੀਗੜ੍ਹ/ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 20 ਮਾਰਚ:

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਆਰੰਭੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਅੱਜ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਡੇਰਾਬੱਸੀ ਹਲਕੇ ਦੇ ਸਰਪੰਚਾਂ ਅਤੇ ਪੰਚਾਇਤਾਂ ਨੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਪਹਿਲਕਦਮੀ ’ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਹਾਜ਼ਰੀ ’ਚ ਮੁਹਿੰਮ ਦਾ ਹਰ ਪੱਖ ਤੋਂ ਸਾਥ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਆਪਣੇ ਸੰਬੋਧਨ ’ਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਆਖਿਆ ਕਿ ਪੰਜਾਬ ਦੀ ਨੌਜੁਆਨੀ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਲਈ ਹੁਣ ਸਖ਼ਤ ਕਾਰਵਾਈ  ਦਾ ਸਮਾਂ ਆ ਗਿਆ ਹੈ। ਉਨ੍ਹਾਂ ਨਸ਼ਾ ਵੇਚਣ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਾਂ ਤਾਂ ਇਹ ਕੰਮ ਛੱਡ ਦਿਓ ਜਾਂ ਫ਼ਿਰ ਪੰਜਾਬ ਦੀ ਧਰਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਲੱਗੇ ਇਸ ਘੁਣ ਤੋਂ ਖਹਿੜਾ ਛੁਡਵਾ ਕੇ, ਉਨ੍ਹਾਂ ਦਾ ਇਲਾਜ ਅਤੇ ਮੁੜ ਵਸੇਬਾ ਕਰਵਾ ਕੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੇ ਅੰਜਾਮ ਨੂੰ ਲੋਕਾਂ ਸਾਹਮਣੇ ਮਿਸਾਲੀ ਰੂਪ ’ਚ ਲਿਆਉਣ ਲਈ ਨਸ਼ਾ ਤਸਕਰਾਂ ਵੱਲੋਂ ਨਜਾਇਜ਼ ਕਬਜ਼ੇ ਕਰਕੇ ਬਣਾਈ ਜਾਇਦਾਦ ਨੂੰ ਪੂਰੀ ਕਾਨੂੰਨੀ ਕਾਰਵਾਈ ਕਰਨ ਉਪਰੰਤ ਢਾਹਿਆ ਜਾ ਰਿਹਾ ਹੈ ਤਾਂ ਜੋ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਸਖਤ ਸੁਨੇਹਾ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਨਅਤ ਨੂੰ ਉਤਸ਼ਾਹਿਤ ਕਰਕੇ ਬੇਰੋਜ਼ਗਾਰੀ ਨੂੰ ਖਤਮ ਕੀਤਾ ਜਾਵੇਗਾ ਤਾਂ ਜੋ ਨੌਜਅੁਾਨ ਰੋਜ਼ਗਾਰ ’ਚ ਲੱਗ ਕੇ ਨਸ਼ਿਆਂ ਬਾਰੇ ਸੋਚ ਵੀ ਨਾ ਸਕਣ।

ਸੌਂਦ ਨੇ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਦੇ 12336 ਪਿੰਡਾਂ ’ਚ ਅਗਲੇ ਮਾਲੀ ਸਾਲ ’ਚ ਛੱਪੜਾਂ ਦੀ ਸਾਫ਼-ਸਫ਼ਾਈ ਦਾ ਕੰਮ ਮੁਕੰਮਲ ਕਰਕੇ, ਪਾਣੀ ਦੇ ਨਮੂਨੇ ਜਾਂਚ ਕਰਵਾ ਕੇ, ਪਾਣੀ ਸਿੰਚਾਈ ਲਈ ਵਰਤਿਆ ਜਾਵੇਗਾ। ਜਿਨ੍ਹਾਂ ਛੱਪੜਾਂ ਦੀ ਪਾਣੀ ਦੀ ਰਿਪੋਰਟ ਸਹੀ ਨਾ ਆਈ, ਉੁਨ੍ਹਾਂ ਨੂੰ ਸੀਚੇਵਾਲ ਅਤੇ ਥਾਪਰ ਮਾਡਲ ਹੇਠ ਲਿਆ ਕੇ ਟ੍ਰੀਟਮੈਂਟ ਪਲਾਂਟ ਲਾਏ ਜਾਣਗੇ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ 5 ਕਿਲੋਮੀਟਰ ਦੇ ਘੇਰੇ ’ਚ ਪੈਂਦੇ ਪਿੰਡਾਂ ਦੀਆਂ ਪਹੁੰਚ ਸੜਕਾਂ ਦੀ ਨਵਉਸਾਰੀ ਅਤੇ ਲੋੜੀਂਦੀ ਮੁਰੰਮਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਰੇਕ ਪਿੰਡ ’ਚ ਖੇਡ ਦਾ ਮੈਦਾਨ ਨੌਜੁਆਨਾਂ ਨੂੰ ਖੇਡਾਂ ਨਾਲ ਜੋੜਨ ਲਈ ਬਣਾਇਆ ਜਾਵੇਗਾ। ਉਨ੍ਹਾਂ ਨੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੱਧਰ ’ਤੇ ਵੀ ਪਹਿਲਕਦਮੀ ਕਰਦਿਆਂ ਪਿੰਡਾਂ ਦੇ ਵਿਕਾਸ ਲਈ ਵਿੱਤੀ ਸਾਧਨ ਜੁਟਾਉਣ ਜੋ ਪ੍ਰਵਾਸੀ ਪੰਜਾਬੀਆਂ ਜਾਂ ਸਨਅਤਕਾਰਾਂ ਦੇ ਸਹਿਯੋਗ ਨਾਲ ਵੀ ਹੋ ਸਕਦਾ ਹੈ।

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਅੱਜ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਵਿਆਪਕ ਪੱਧਰ ’ਤੇ ਕਾਰਵਾਈ ’ਚ ਹਰ ਇੱਕ ਦਾ ਸਹਿਯੋਗ ਜ਼ਰੂਰੀ ਹੈ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਖਿਆ ਕਿ ਅੱਜ ਜਦੋਂ ਸਮੁੱਚੇ ਪੰਜਾਬ ’ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ ਤਾਂ ਉਸ ਮੌਕੇ ਪੰਚਾਇਤਾਂ ਨੂੰ ਇਸ ਮੁਹਿੰਮ ਨਾਲ ਜੋੜਨ ਦੀ ਇਹ ਪਹਿਲਕਦਮੀ ਹਲਕਾ ਡੇਰਾਬੱਸੀ ’ਚੋਂ ਹੋਣਾ ਸ਼ੁੱਭ ਸੰਕੇਤ ਹੈ। ਉਨ੍ਹਾਂ ਕਿਹਾ ਕਿ ਆਪਣੇ ਹਲਕੇ ’ਚ ਪੈਂਦੀਆਂ 92 ਦੇ ਕਰੀਬ ਪੰਚਾਇਤਾਂ ਨੂੰ ਸਰਕਾਰ ਰਾਹੀਂ 9.10 ਕਰੋੜ ਰੁਪਏ ਤੋਂ ਵਧੇਰੇ ਦੀਆਂ ਗਰਾਂਟਾਂ ਸਰਕਾਰ ਪਾਸੋਂ ਲੈ ਕੇ ਦੇ ਚੁੱਕੇ ਹਨ। ਉਨ੍ਹਾਂ ਮੰਤਰੀ ਸੌਂਦ ਨੂੰ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਡੇਰਾਬੱਸੀ ਹਲਕੇ ’ਚ ਭਰਵਾਂ ਅਤੇ ਕਾਮਯਾਬ ਹੁੰਗਾਰਾ ਮਿਲ ਰਿਹਾ ਹੈ।

ਜ਼ਿਲ੍ਹਾ ਪੁਲੀਸ ਨੇ ਦੱਸਿਆ ਕਿ ਡੇਰਾਬੱਸੀ ’ਚ ਤ੍ਰਿਵੇਦੀ ਕੈਂਪ, ਡੇਰਾਬੱਸੀ ਅਤੇ ਦਿਆਲਪੁਰਾ, ਜ਼ੀਰਕਪੁਰ ਵਿੱਚ ਸਥਿਤ ਡਰੱਗ ਹਾਟ ਸਪਾਟਾਂ ’ਤੇ ਨਿਰੰਤਰ ਛਾਪੇਮਾਰੀ ਦੌਰਾਨ 21 ਮੁਕੱਦਮਿਆਂ ’ਚ 52 ਨਸ਼ਾ ਤਸਕਰਾਂ ਦੀ ਗਿ੍ਰਫ਼ਤਾਰੀ ਕੀਤੀ ਗਈ ਹੈ। ਉਨ੍ਹਾ ਪਾਸੋਂ 15 ਕਿਲੋ ਅਫ਼ੀਮ, ਇੱਕ ਕਿਲੋ 290 ਗ੍ਰਾਮ ਕੋਕੀਨ, 3 ਕਿਲੋ ਗਾਂਜਾ, 2 ਕਿਲੋ 700 ਗ੍ਰਾਮ ਚਰਸ, 118 ਗ੍ਰਾਮ ਹੈਰੋਇਨ, 684 ਨਸ਼ੀਲੀਆਂ ਗੋਲੀਆਂ, 13.5 ਲੀਟਰ ਸ਼ਰਾਬ, 700 ਗ੍ਰਾਮ ਭੁੱਕੀ ਅਤੇ 3.31 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਐਨਡੀਪੀਐਸ ਦੀ ਧਾਰਾ 27 (ਏ) ਤਹਿਤ ਨਸ਼ੀਲੇ ਪਦਾਰਥਾਂ ਦੀ ਕਮਾਈ ਨਾਲ ਬਣਾਇਆ ਘਰੇਲੂ ਸਮਾਨ ਵੀ ਜ਼ਬਤ ਕੀਤਾ ਗਿਆ ਹੈ।

ਇਸ ਮੌਕੇ ਜ਼ਿਲ੍ਹਾ ਅਧਿਕਾਰੀਆਂ ਤੋਂ ਇਲਾਵਾ 85 ਦੇ ਕਰੀਬ ਪਿੰਡਾਂ ਦੇ ਸਰਪੰਚ ਮੌਜੂਦ ਸਨ।

Leave a Reply

Your email address will not be published. Required fields are marked *