ਫਾਜ਼ਿਲਕਾ, 1 ਮਈ
ਫਾਜ਼ਿਲਕਾ ਜ਼ਿਲ੍ਹੇ ਵਿਚ ਕਣਕ ਦੀ ਖਰੀਦ ਬਦਲੇ ਕਿਸਾਨਾਂ ਨੂੰ 1212 ਕਰੋੜ ਰੁਪਏ ਦੀ ਅਦਾਇਗੀ ਵੱਖ ਵੱਖ ਖਰੀਦ ਏਂਜਸੀਆਂ ਨੇ ਕੀਤੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਫਾਜ਼ਿਲਕਾ ਮੰਡੀ ਦਾ ਦੌਰਾ ਕਰਨ ਮੌਕੇ ਦਿੱਤੀ। ਇਸ ਮੌਕੇ ਐਸਐਸਪੀ ਡਾ: ਪ੍ਰਗਿਆ ਜੈਨ ਅਤੇ ਏਡੀਸੀ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਵੀ ਉਨ੍ਹਾਂ ਦੇ ਨਾਲ ਹਾਜਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਨੂੰ ਉਨ੍ਹਾਂ ਵੱਲੋਂ ਮੰਡੀ ਵੇਚੀ ਫਸਲ ਦੀ ਅਦਾਇਗੀ ਨਾਲੋ ਨਾਲ ਕੀਤੀ ਜਾ ਰਹੀ ਹੈ ਅਤੇ 48 ਘੰਟੇ ਪਹਿਲਾਂ ਤੱਕ ਖਰੀਦੀ ਕਣਕ ਦੀ 1141 ਕਰੋੜ ਰੁਪਏ ਦੀ ਅਦਾਇਗੀ ਕਰਨਯੋਗ ਸੀ ਪਰ ਹੁਣ ਤੱਕ 1212 ਕਰੋੜ ਦੀ ਅਦਾਇਗੀ ਕਰ ਦਿੱਤੀ ਗਈ ਹੈ। ਭਾਵ ਕਿਸਾਨਾਂ ਨੂੰ ਫਸਲ ਵੇਚਣ ਦੇ 48 ਘੰਟੇ ਤੋਂ ਵੀ ਘੱਟ ਸਮੇਂ ਵਿਚ ਅਦਾਇਗੀ ਹੋ ਰਹੀ ਹੈ।
ਇਸ ਮੌਕੇ ਆੜਤੀਆਂ ਐਸੋਸੀਏਸ਼ਨ ਦੇ ਆਗੂ ਕਰਨ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਤੇਜੀ ਨਾਲ ਕਣਕ ਦੀ ਖਰੀਦ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਪਿੱਛਲੇ 10-15 ਸਾਲਾਂ ਵਿਚ ਪਹਿਲੀ ਵਾਰ ਹੋਇਆ ਹੈ ਕਿ ਕਣਕ ਦੀ ਖਰੀਦ ਇਸ ਪ੍ਰਕਾਰ ਸੁਚਾਰੂ ਤਰੀਕੇ ਨਾਲ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਮੰਡੀ ਵਿਚ ਜਿਆਦਾਤਰ ਕਿਸਾਨ ਫਸਲ ਵੇਚ ਕੇ ਜਾ ਚੁੱਕੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਮੰਡੀ ਵਿਚੋਂ ਕਣਕ ਦੀ ਲਿਫਟਿੰਗ ਵਿਚ ਲਗਾਤਾਰ ਤੇਜੀ ਜਾਰੀ ਰਹੇ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 6,24,606 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 6,02,102 ਮੀਟ੍ਰਿਕ ਟਨ ਕਣਕ ਖਰੀਦ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਪਨਗ੍ਰੇਨ ਨੇ ਹੁਣ ਤੱਕ 171437 ਮੀਟ੍ਰਿਕ ਟਨ, ਮਾਰਕਫੈਡ ਨੇ 162503 ਮੀਟ੍ਰਿਕ ਟਨ, ਪਨਸਪ ਨੇ 152291 ਮੀਟ੍ਰਿਕ ਟਨ, ਪੰਜਾਬ ਰਾਜ ਗੋਦਾਮ ਨਿਗਮ ਨੇ 93124 ਮੀਟ੍ਰਿਕ ਟਨ, ਐੱਫ.ਸੀ.ਆਈ ਨੇ 2425 ਮੀਟ੍ਰਿਕ ਟਨ ਅਤੇ ਵਪਾਰੀਆਂ ਨੇ 20252 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਤੱਕ ਜ਼ਿਲ੍ਹੇ ਵਿੱਚ 33417 ਮੀਟ੍ਰਿਕ ਟਨ ਦੀ ਲਿਫਟਿੰਗ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਲਿਫਟਿੰਗ ਲਈ ਏਜੰਸੀਆਂ ਨੂੰ 72 ਘੰਟੇ ਦਾ ਸਮਾਂ ਮਿਲਦਾ ਹੈ ਅਤੇ ਏਜੰਸੀਆਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ 72 ਘੰਟੇ ਪਹਿਲਾਂ ਖਰੀਦੀ ਗਈ ਕਣਕ ਦੀ ਜਲਦੀ ਤੋਂ ਜਲਦੀ ਲਿਫਟਿੰਗ ਕਰਨ।
ਇਸ ਮੌਕੇ ਡੀਐਫਐਸਸੀ ਹਿਮਾਂਸ਼ੂ ਕੁੱਕੜ, ਜ਼ਿਲ੍ਹਾ ਮੰਡੀ ਅਫ਼ਸਰ ਜਸਮੀਤ ਸਿੰਘ ਸਮੇਤ ਸਬੰਧਿਤ ਵਿਭਾਗੀ ਅਧਿਕਾਰੀ ਅਤੇ ਵੱਖ-ਵੱਖ ਏਜੰਸੀਆਂ ਦੇ ਨੁੰਮਾਇੰਦੇ ਵੀ ਹਾਜ਼ਰ ਸਨ।