ਸਹੀ ਜਾਣਕਾਰੀ ਅਤੇ ਪਰਹੇਜ਼ ਹੀ ਏਡਜ਼ ਦਾ ਇਲਾਜ ਹੈ-ਡਾ. ਰਣਜੀਤ ਸਿੰਘ ਰਾਏ

Mansa Politics Punjab

ਮਾਨਸਾ, 02 ਦਸੰਬਰ :
ਏਡਜ ਦੀ ਬਿਮਾਰੀ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਤਹਿਤ ਜ਼ਿਲਾ ਯੂਥ ਵੈਲਫੇਅਰ ਐਸੋਸੀਏਸ਼ਨ ਮਾਨਸਾ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਵਿਸ਼ਵ ਏਡਜ ਦਿਵਸ ਦੇ ਮੌਕੇ ਸ਼ਾਂਤੀ ਭਵਨ ਮਾਨਸਾ ਵਿਖੇ  ਸੈਮੀਨਾਰ ਦਾ ਆਯੋਜਨ ਕੀਤਾ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਬਤੌਰ ਮੁੱਖ ਮਹਿਮਾਨ ਸ਼ਿਕਰਤ ਕੀਤੀ।
ਇਸ ਮੌਕੇ ਬੋਲਦਿਆਂ ਡਾਕਟਰ ਰਾਏ ਨੇ ਦੱਸਿਆ ਕਿ ਏਡਜ਼ ਇੱਕ ਲਾ-ਇਲਾਜ ਬੀਮਾਰੀ ਹੈ ਅਤੇ ਪਰਹੇਜ਼ ਹੀ ਇਸ ਬਿਮਾਰੀ ਦਾ ਇਲਾਜ ਹੈ। ਉਨ੍ਹਾਂ ਦੱਸਿਆ ਕਿ  ਇਸ ਬਿਮਾਰੀ ਦੇ ਫੈਲਣ ਦਾ ਮੁੱਖ ਕਾਰਨ ਦੂਸ਼ਿਤ ਸੂਈਆਂ, ਸਰਿੰਜਾਂ, ਦੂਸ਼ਿਤ ਖ਼ੂਨ, ਅਣ-ਸੁਰੱਖਿਅਤ ਸੈਕਸ ਸਬੰਧ, ਮਾਂ ਤੋਂ ਬੱਚੇ ਨੂੰ ਵੀ ਹੋ ਸਕਦੀ ਹੈ। ਅਜੋਕੇ ਸਮੇਂ ਵਿਚ ਨੱਕ, ਕੰਨ ਬਿਨਾਉਣ ਲਈ ਵਰਤੀਆਂ ਦੂਸ਼ਿਤ ਸੂਈਆਂ, ਟੈਟੂ ਖੁਦਵਾਉਣ ਸਮੇਂ ਵੀ ਇਹ ਬਿਮਾਰੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਤੋਂ ਬਚਾਅ ਸਬੰਧੀ ਲੋਕਾਂ ਨੂੰ ਨੁਕੱੜ ਨਾਟਕਾਂ, ਮੁਨਾਦੀ, ਪ੍ਰਦਰਸ਼ਨੀ, ਪੋਸਟਰ, ਪੈਂਫਲਿਟ, ਬੈਨਰਾਂ ਤੇ ਹੋਰ ਤਰੀਕਿਆਂ ਨਾਲ ਏਡਜ਼ ਦੀ ਬਿਮਾਰੀ ਰਾਹੀਂ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਜ਼ਿਲ੍ਹੇ ਦੇ ਸਕੂਲਾਂ ਅਤੇ ਹੋਰ ਜਨਤਕ ਥਾਵਾਂ ’ਤੇ ਏਡਜ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਏਡਜ ਦੀ ਬਿਮਾਰੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਨੁਕੜ ਨਾਟਕ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਇਸ ਬਿਮਾਰੀ ਦੇ ਖਾਤਮੇ ਲਈ ਇਸ ਜਾਗਰੂਕਤਾ ਦਿਵਸ ਨੂੰ ਮਨਾਉਣ ਦੀ ਪ੍ਰਥਾ ਸੰਯੁਕਤ ਰਾਸ਼ਟਰ ਵੱਲੋਂ 1987 ਤੋਂ ਸ਼ੁਰੂ ਕੀਤੀ ਗਈ।
           ਇਸ ਮੌਕੇ ਡਾਕਟਰ ਨਿਸ਼ੀ ਸੂਦ ਜ਼ਿਲ੍ਹਾ ਟੀ.ਬੀ.ਅਫਸਰ ਮਾਨਸਾ ਨੇ ਦੱਸਿਆ ਕਿ ਇਹ ਬਿਮਾਰੀ ਇਕ ਵਾਇਰਸ ਰਾਹੀਂ ਫੈਲਦੀ ਹੈ ਜਿਸ ਨੂੰ ਹਿਊਮਨ ਇਮਿਊਨ ਡੈਫੀਸ਼ੈਂਸੀ ਵਾਇਰਸ ਕਿਹਾ ਜਾਂਦਾ ਹੈ। ਇਹ ਸਾਡੇ ਸਰੀਰ ਵਿਚਲੀ ਰੋਗਾਂ ਵਿਰੁੱਧ ਲੜਨ ਵਾਲੀ ਸ਼ਕਤੀ ਨੂੰ ਖ਼ਤਮ ਕਰ ਦਿੰਦੀ ਹੈ ਜੋ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਰੱਖਦੀ ਹੈ, ਇਸ ਭਿਆਨਕ ਬੀਮਾਰੀ ਨੂੰ ਫੈਲਾਉਣ ਵਿੱਚ ਦੇਹ ਵਪਾਰ ਦਾ ਵੱਡਾ ਹੱਥ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਨੂੰ ਏਡਜ ਹੁੰਦੀ ਹੈ, ਉਹਨਾਂ ਮਰੀਜ਼ਾਂ ਨੂੰ ਟੀ.ਬੀ. ਦੀ ਬਿਮਾਰੀ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ।
    ਸ੍ਰ. ਲਛਮਣ ਸਿੰਘ ਪ੍ਰਧਾਨ ਜ਼ਿਲ੍ਹਾ ਯੂਥ ਵੈਲਫੇਅਰ ਐਸੋਸੀਏਸ਼ਨ ਮਾਨਸਾ ਨੇ ਦੱਸਿਆ ਕਿ ਕੁਝ ਤੱਥ ਇਸ ਤਰ੍ਹਾਂ ਦੇ ਵੀ ਹਨ, ਜਿਨ੍ਹਾਂ ਰਾਹੀਂ ਇਹ ਬਿਮਾਰੀ ਨਹੀਂ ਫੈਲਦੀ ਜਿਸ ਤਰ੍ਹਾਂ ਕਿ ਗੱਲਵਕੜੀ ਪਾਉਣੀ, ਹੱਥ ਮਿਲਾਉਣਾ, ਥੁੱਕ, ਖੰਘ, ਅੱਥਰੂ, ਹੰਝੂ, ਕੱਪੜੇ, ਸਾਬਣ ਰਾਹੀਂ ਇਹ ਬਿਮਾਰੀ ਫੈਲਣ ਦਾ ਕੋਈ ਖ਼ਤਰਾ ਨਹੀਂ ਹੈ।
ਇਸ ਮੌਕੇ ਜਸਵੀਰ ਸਿੰਘ ਸੈਕਟਰੀ ਜਿਲਾ ਯੂਥ ਵੈਲਫੇਅਰ ਐਸੋਸੀਏਸ਼ਨ, ਡਾਕਟਰ ਆਸ਼ੂ ਨੋਡਲ ਅਫਸਰ ਏਡਜ ਕੰਟਰੋਲ ਪ੍ਰੋਗਰਾਮ ਮਾਨਸਾ, ਡਾਕਟਰ ਵਰੁਣ ਮਿੱਤਲ, ਡਾਕਟਰ ਮੰਗਲ ਸਿੰਘ ਡਾਕਟਰ ਰਜਨੀਸ਼ ਸਿੱਧੂ, ਡਾਕਟਰ ਨੀਤੂ, ਬੇਅੰਤ ਕੌਰ ਐਸ.ਐਚ. ਓ.,ਦਰਸ਼ਨ ਸਿੰਘ ਉਪ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਰਜਿੰਦਰ ਸਿੰਘ ਪ੍ਰੋਜੈਕਟ ਮੈਨੇਜਰ ਤੋਂ ਇਲਾਵਾ ਜਿਲਾ ਯੂਥ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।