ਮਿਸ਼ਨ ਸਮਰਥ ਦੇ ਨਤੀਜੇ ਉਤਸ਼ਾਹਜਨਕ: ਹਰਜੋਤ ਸਿੰਘ ਬੈਂਸ

Punjab

ਚੰਡੀਗੜ੍ਹ, 26 ਫਰਵਰੀ:

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮਿਸ਼ਨ ਸਮਰਥ ਦੇ ਨਤੀਜੇ ਬਹੁਤ ਉਤਸ਼ਾਹਜਨਕ ਰਹੇ ਹਨ। 
ਉਹ ਅੱਜ ਇੱਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਫਾਰ ਪਬਲਿਕ ਐਡਮਿਨਸਟ੍ਰੇਸ਼ਨ ਦੇ ਹਾਲ ਵਿੱਚ ਕਰਵਾਏ ਗਏ ਮਿਸ਼ਨ ਸਮਰਥ ਸਬੰਧੀ ਵਰਕਸ਼ਾਪ ਨੂੰ ਸੰਬੋਧਿਤ ਕਰ ਰਹੇ ਸਨ। ਆਪਣੇ ਸੰਬੋਧਨ ਦੌਰਾਨ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਬਿਹਤਰੀਨ ਬਨਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਅਧਿਆਪਕਾਂ ਦੀ ਭਰਤੀ ਤੋਂ ਲੈ ਕੇ ਸਕੂਲਾਂ ਦੀ ਚਾਰ ਦੀਵਾਰੀ, ਸਫਾਈ ਦਾ ਪ੍ਰਬੰਧ, ਫਰਨੀਚਰ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਨਾਲ ਸਕੂਲਾਂ ਦਾ ਜਿਥੇ ਸਕੂਲਾਂ ਦਾ ਮਾਹੌਲ ਬਦਲਿਆ ਹੈ, ਉਥੇ ਨਾਲ ਹੀ ਵਿਭਾਗ ਦੇ ਮੁਲਾਜਮਾਂ ਅਤੇ ਅਧਿਕਾਰੀਆਂ ਦੇ ਸਹਿਯੋਗ ਸਕਦਾ ਸਕੂਲਾਂ ਵਿੱਚ ਤਬਦੀਲੀ ਹੋਣੀ ਸ਼ੁਰੂ ਹੋ ਗਈ ਹੈ। 
ਉਹਨਾਂ ਕਿਹਾ ਕਿ ਸੂਬੇ ਦੇ 19,000 ਸਕੂਲਾਂ ਵਿੱਚੋਂ 18,000 ਸਕੂਲਾਂ ਵਿੱਚ ਕੋਈ ਨਾ ਕੋਈ ਕੰਮ ਚਲ ਰਿਹਾ ਹੈ, ਕਿਸੇ ਸਕੂਲ ਵਿੱਚ ਚਾਰ ਦੀਵਾਰੀ ਹੋ ਰਹੀ ਹੈ, ਕਿਤੇ ਨਵੇਂ ਕਮਰੇ ਬਣਾਏ ਜਾ ਰਹੇ ਜਾਂ ਫਿਰ ਲੈਬਸ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। 
ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਪੜ੍ਹਨ-ਪੜ੍ਹਾਉਣ ਅਤੇ ਸਿੱਖਣ ਸਿਖਾਉਣ ਦੇ ਪੱਧਰ ਵਿੱਚ ਵਾਧਾ ਦਰਜ ਹੋ ਰਿਹਾ ਹੈ। 
ਇਸ ਮੌਕੇ ਬੋਲਦਿਆਂ ਪ੍ਰਥਮ ਐਨ.ਜੀ.ਓ. ਦੇ ਸੀ.ਈ.ਓ. ਰੁਕਮਨੀ ਬੈਨਰਜੀ ਨੇ ਕਿਹਾ ਕਿ ਸਾਡਾ ਐਨ.ਜੀ.ਓ. ਪਿਛਲੇ 18 ਸਾਲ ਤੋਂ ਪੰਜਾਬ ਵਿੱਚ ਕੰਮ ਕਰ ਰਿਹਾ ਹੈ। ਸਾਨੂੰ ਇਸ ਸਮੇਂ ਦੌਰਾਨ ਕਈ ਬਹੁਤ ਖਾਸ ਤਜਰਬੇ ਹੋਏ ਹਨ ਜਿਨ੍ਹਾਂ ਨੂੰ ਅਸੀਂ ਪੂਰੇ ਦੇਸ਼ ਵਿਚ ਲਾਗੂ ਕੀਤਾ।
ਉਹਨਾ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਸਕੂਲੀ ਵਿਦਿਆਰਥੀਆਂ ਦੇ ਲਾਜ਼ਮੀ ਵਿਸ਼ਿਆਂ ਅਤੇ ਹਿਸਾਬ ਵਿੱਚ ਵਿਦਿਆਰਥੀਆਂ ਦੀ ਪੜ੍ਹਨ- ਲਿਖਣ ਦੀ ਕਮਜ਼ੋਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦਿਸ਼ਾ ਵਿਚ ਕੰਮ ਕੀਤਾ, ਜਿਸ ਦੇ ਅੱਜ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ।
ਸ੍ਰੀਮਤੀ ਬੈਨਰਜੀ ਨੇ ਕਿਹਾ ਕਿ ਜਦੋਂ ਮੈਂ ਪੰਜਾਬ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕਰਦੀ ਹਾਂ ਤਾਂ ਅਧਿਆਪਕਾਂ ਵਲੋਂ ਕਲਾਸ ਰੂਮ ਵਿਚ ਆਉਂਦੀਆਂ ਦਿੱਕਤਾਂ ਸਬੰਧੀ ਬਹੁਤ ਡੂੰਘਾਈ ਨਾਲ ਚਰਚਾ ਕੀਤੀ ਜਾਂਦੀ ਹੈ ਜੋ ਕਿ ਉਹਨਾਂ ਦੀ ਆਪਣੇ ਪੇਸ਼ੇ ਪ੍ਰਤੀ ਸਮਰਪਣ ਭਾਵਨਾ ਨੂੰ ਦਰਸਾਉਂਦੀ ਹੈ।ਉਹਨਾਂ ਕਿਹਾ ਕਿ ਪੰਜਾਬ ਦੇ ਸਕੂਲ ਵਿੱਚ ਪ੍ਰੀ ਪ੍ਰਾਇਮਰੀ ਸਕੂਲਾਂ ਦੀ ਸ਼ੁਰੂਆਤ ਕਰਨ ਵਾਲ਼ਾ ਵੀ ਪੰਜਾਬ ਦੇਸ਼ ਦਾ ਪਹਿਲਾ ਸੂਬਾ ਸੀ। ਮੈਨੂੰ ਇਹ ਉਮੀਦ ਹੈ ਕਿ ਪ੍ਰੀ ਪ੍ਰਾਇਮਰੀ ਕਲਾਸਾਂ ਕਾਰਨ ਸਾਨੂੰ ਬਹੁਤ ਜਲਦ ਮਿਸ਼ਨ ਸਮਰੱਥ ਵਰਗੇ ਉਪਰਾਲਿਆਂ ਦੀ ਜ਼ਰੂਰਤ ਨਹੀਂ ਪਵੇਗੀ।ਇਸ ਮੌਕੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਦਾ ਸਿੱਖਿਆ ਮੰਤਰੀ ਵੱਲੋਂ ਸਨਮਾਨ ਵੀ ਕੀਤਾ ਗਿਆ।