ਬਠਿੰਡਾ, 11 ਮਾਰਚ : ਜ਼ਿਲ੍ਹਾ ਮੈਜਿਸਟ੍ਰੇਟ ਸ. ਜਸਪ੍ਰੀਤ ਸਿੰਘ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਪਾਬੰਦੀ ਸਬੰਧੀ ਹੁਕਮ ਜਾਰੀ ਕੀਤੇ ਹਨ।
ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਜ਼ਿਲ੍ਹੇ ਦੀ ਖੇਤਰੀ ਸੀਮਾ ਦੇ ਅੰਦਰ ਕਿਸੇ ਵੀ ਮੇਲੇ, ਧਾਰਮਿਕ ਜਲੂਸ, ਵਿਆਹ-ਸ਼ਾਦੀ, ਜਲੂਸ ਜਾਂ ਕਿਸੇ ਹੋਰ ਇਕੱਠ ਜਾਂ ਕਿਸੇ ਵਿਦਿਅਕ ਅਦਾਰੇ, ਕੈਂਪਸ ਦੀ ਹਦੂਦ ਅੰਦਰ ਜਾਂ ਅਹਾਤੇ ਅੰਦਰ ਕੋਈ ਵੀ ਵਿਅਕਤੀ ਹਥਿਆਰ ਨਹੀਂ ਲੈ ਕੇ ਜਾਵੇਗਾ। ਜ਼ਿਲ੍ਹੇ ਦੀ ਖੇਤਰੀ ਸੀਮਾ ਦੇ ਅੰਦਰ ਕਿਸੇ ਵੀ ਸਥਾਨ ‘ਤੇ ਕੋਈ ਵੀ ਜਨਤਾ ਦਾ ਮੈਂਬਰ ਕਿਸੇ ਵੀ ਤਿੱਖੇ ਧਾਰ ਵਾਲੇ ਹਥਿਆਰਾਂ/ਬੰਦੂਕ ਹਥਿਆਰਾਂ ਸਮੇਤ ਹਥਿਆਰਾਂ ਦੀ ਨਿਸ਼ਾਨਦੇਹੀ ਜਾਂ ਪ੍ਰਦਰਸ਼ਨ ਨਹੀਂ ਕਰੇਗਾ। ਇਸੇ ਤਰ੍ਹਾਂ ਲਾਈਵ ਸ਼ੋਅ ਵਿੱਚ ਵੀ ਕਿਸੇ ਵੀ ਗੀਤ ਵਿੱਚ ਸ਼ਰਾਬ, ਵਾਈਨ, ਨਸ਼ਿਆਂ ਅਤੇ ਹਿੰਸਾ ਦੀ ਵਡਿਆਈ ਕਰਦੇ ਗੀਤ ਚਲਾਉਣ ਤੇ ਵੀ ਪਾਬੰਦੀ ਲਗਾਈ ਗਈ ਹੈ।ਹੁਕਮ ਅਨੁਸਾਰ ਜਨਤਾ ਦਾ ਕੋਈ ਵੀ ਮੈਂਬਰ ਹਥਿਆਰਾਂ ਦੀ ਪ੍ਰਦਰਸ਼ਨੀ ਜਾਂ ਪ੍ਰਮੋਸ਼ਨ ਕਰਨ ਵਾਲੀ ਕੋਈ ਤਸਵੀਰ ਜਾਂ ਵੀਡੀਓ ਅਪਲੋਡ ਨਹੀਂ ਕਰੇਗਾ ਅਤੇ ਨਾ ਹੀ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਵਰਤੋਂ ਦੀ ਵਡਿਆਈ ਕਰਨ ਵਾਲਾ ਕੋਈ ਟੈਕਸਟ ਪੋਸਟ ਪਾਵੇਗਾ ਤੇ ਨਾ ਹੀ ਸ਼ੇਅਰ ਕਰੇਗਾ। ਕੋਈ ਵੀ ਵਿਅਕਤੀ ਕਿਸੇ ਵੀ ਸਮਾਗਮ/ਕਾਰਜ/ਪ੍ਰੋਗਰਾਮ ਆਦਿ ਵਿੱਚ ਕੋਈ ਅਜਿਹਾ ਗੀਤ ਨਹੀਂ ਗਾਏਗਾ ਅਤੇ ਨਾ ਹੀ ਅਜਿਹਾ ਕੋਈ ਨਾਟਕ ਖੇਡੇਗਾ ਜਿਸ ਨਾਲ ਹਥਿਆਰਾਂ ਦੀ ਪ੍ਰਦਰਸ਼ਨੀ ਜਾਂ ਪ੍ਰਮੋਸ਼ਨ ਹੁੰਦੀ ਹੋਵੇ। ਆਰਮਡ ਫੋਰਸਿਜ਼ ਦੇ ਮੈਂਬਰਾਂ, ਪੁਲਿਸ, ਹੋਮ ਗਰੇਡਾਂ ਜਾਂ ਅਜਿਹੇ ਹੋਰ ਸਰਕਾਰੀ ਕਰਮਚਾਰੀਆਂ ‘ਤੇ ਲਾਗੂ ਨਹੀਂ ਹੋਵੇਗਾ ਜਿਨ੍ਹਾਂ ਕੋਲ ਰਾਜ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਹਥਿਆਰ ਹਨ। ਜੋ ਸੁਰੱਖਿਆ ਗਾਰਡਾਂ ਦੇ ਕਰਮਚਾਰੀ ਵਿਦਿਅਕ ਤੇ ਵਪਾਰਕ ਅਦਾਰੇ ਹੋਟਲ ਵਿਆਹ ਸਥਾਨ ਆਦਿ ਤੇ ਆਪਣੀ ਡਿਊਟੀ ਨਿਭਾ ਰਹੇ ਹਨ ‘ਤੇ ਵੀ ਲਾਗੂ ਨਹੀਂ ਹੋਵੇਗਾ।ਇਹ ਹੁਕਮ 3 ਮਈ 2024 ਤੱਕ ਲਾਗੂ ਰਹਿਣਗੇ।