ਫ਼ਰੀਦਕੋਟ 27 ਫ਼ਰਵਰੀ,2024
ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ 29 ਫਰਵਰੀ ਤੱਕ ਸ਼੍ਰੀ ਅੰਮ੍ਰਿਤਸਰ ਵਿਖੇ ਰੰਗਲਾ ਪੰਜਾਬ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਰਾਜ ਭਰ ਦੇ ਲੋਕਾਂ ਨੂੰ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਕੱਤਰ ਅਮਿਤ ਢਾਕਾ ਵੱਲੋਂ ਇਸ ਰੰਗਲਾ ਪੰਜਾਬ ਫੈਸਟੀਵਲ ਵਿੱਚ ਭਾਗ ਲੈਣ ਦਾ ਸੱਦਾ ਦਿੱਤਾ ਗਿਆ ਹੈ। ਇਸ ਫੈਸਟੀਵਲ ਵਿੱਚ ਪੰਜਾਬ ਦੀ ਕਲਾ ਅਤੇ ਵਿਰਾਸਤ ਦੇ ਵੱਖ-ਵੱਖ ਰੰਗ ਵੇਖਣ ਨੂੰ ਮਿਲ ਰਹੇ ਹਨ।
ਉਨਾਂ ਦੱਸਿਆ ਕਿ ਇਸ ਮੇਲੇ ਵਿਚ ਪੰਜਾਬੀ ਗਾਇਕ, ਨਾਟਕ ਕਲਾ ਦੇ ਰੰਗ ਬਿਖੇਰਦੇ ਨਾਟਕ, ਡਰਾਮੇ, ਲੋਕ ਕਲਾਵਾਂ ਦਾ ਮੇਲਾ, ਮੈਰਾਥਨ ਦੌੜ, ਪੇਂਟਿੰਗ ਦੇ ਮੁਕਾਬਲਿਆਂ ਤੋਂ ਇਲਾਵਾ ਹਰ ਉਹ ਰੰਗ ਵੇਖਣ ਨੂੰ ਮਿਲ ਰਿਹਾ ਹੈ, ਜਿਸ ਕਰਕੇ ਪੰਜਾਬੀ ਜਾਣੇ ਜਾਂਦੇ ਹਨ। ਉਨਾਂ ਦੱਸਿਆ ਕਿ ਇਸ ਲਈ ਪੰਜਾਬ ਦੇ ਸਾਰੇ ਲਜ਼ੀਜ਼ ਖਾਣਿਆਂ ਦਾ ਇਕੋ ਸਥਾਨ ਉਤੇ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ 29 ਫਰਵਰੀ ਤੱਕ ਫੂਡ ਸਟਰੀਟ ਅਤੇ ਸ਼ਾਪਿੰਗ ਫੈਸਟੀਵਲ ਤੋਂ ਇਲਾਵਾ ਸਮਰ ਪੈਲੇਸ ਕੰਪਨੀ ਬਾਗ ਵਿਖੇ ਪੰਜਾਬ ਦੇ ਯੋਧਿਆਂ ਦੀ ਬਹਾਦਰੀ ਅਤੇ ਅਮੀਰ ਵਿਰਸੇ ਸਬੰਧੀ ਲਾਈਟ ਐਂਡ ਸਾਊਂਡ ਸ਼ੋਅ, ਰਣਜੀਤ ਐਵੀਨਿਊ ਦੁਸ਼ਹਿਰਾ ਗਰਾਉਂਡ ਵਿਖੇ ਇਕ ਰੰਗਾਰੰਗ ਪ੍ਰੋਗਰਾਮ ਜਿਸ ਵਿੱਚ ਪ੍ਰਸਿੱਧ ਗਾਇਕ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। 29 ਫਰਵਰੀ ਤੱਕ ਸਵੇਰੇ 11.00 ਤੋਂ ਸ਼ਾਮ 5.00 ਵਜੇ ਤੱਕ ਟਾਊਨਹਾਲ ਹੈਰੀਟੇਜ ਸਟਰੀਟ ਵਿਖੇ ਸੇਵਾ ਸਟਰੀਟ ਨਾਮ ਦਾ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਬਲੱਡ ਡੋਨੇਸ਼ਨ ਕੈਂਪ ਤੋਂ ਇਲਾਵਾ ਲੋੜਵੰਦ ਲੋਕਾਂ ਦੀ ਸਹਾਇਤਾ ਵੀ ਕੀਤੀ ਜਾ ਰਹੀ ਹੈ।