ਪੰਜਾਬ ਦਾ ਪਹਿਲਾ ਮੂੰਗਫਲੀ ਪ੍ਰੋਸੈਸਿੰਗ ਯੂਨਿਟ ਸਿਟਰਸ ਅਸਟੇਟ ਭੂੰਗਾ ‘ਚ ਹੋਵੇਗਾ ਸਥਾਪਤ, ਡਿਪਟੀ ਕਮਿਸ਼ਨਰ ਨੇ 7.50 ਲੱਖ ਰੁਪਏ ਦਾ ਚੈੱਕ ਸੌਂਪਿਆ

Hoshiarpur Politics Punjab

ਹੁਸ਼ਿਆਰਪੁਰ, 8 ਅਪ੍ਰੈਲ: ਕੰਢੀ ਖੇਤਰ ਵਿੱਚ ਮੂੰਗਫਲੀ ਦੀ ਕਾਸ਼ਤ ਨੂੰ ਵੱਡਾ ਹੁਲਾਰਾ ਦੇਣ ਲਈ ਸਿਟਰਸ ਅਸਟੇਟ, ਭੂੰਗਾ ਵਿਖੇ ਪੰਜਾਬ ਦਾ ਪਹਿਲਾ ਮੂੰਗਫਲੀ ਪ੍ਰੋਸੈਸਿੰਗ ਯੂਨਿਟ ਸਥਾਪਤ ਹੋਵੇਗਾ ਜਿਸ ਲਈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ 7.50 ਲੱਖ ਰੁਪਏ ਦਾ ਚੈੱਕ ਸੌਂਪਿਆ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਿਟਰਸ ਅਸਟੇਟ ਦੇ ਚੇਅਰਮੈਨ-ਕਮ-ਸੀ.ਈ.ਓ. ਜਸਪਾਲ ਸਿੰਘ ਢੇਰੀ, ਕਮੇਟੀ ਮੈਂਬਰ ਪਰਮਜੀਤ ਸਿੰਘ ਕਾਲੂਵਾਹਰ, ਸਲਾਹਕਾਰ ਅਰਬਿੰਦ ਸਿੰਘ ਧੂਤ ਨੂੰ ਚੈੱਕ ਸੌਂਪਦਿਆਂ ਕਿਹਾ ਕਿ ਮੂੰਗਫਲੀ ਦਾ ਪ੍ਰੋਸੈਸਿੰਗ ਯੂਨਿਟ ਸਥਾਪਤ ਹੋਣ ਨਾਲ ਰਾਜ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਬਲ ਮਿਲੇਗਾ। ਉਨ੍ਹਾਂ ਕਿਹਾ ਕਿ ਪ੍ਰੋਸੈਸਿੰਗ ਯੂਨਿਟ ਮੂੰਗਫਲੀ ਉਤਪਾਦਕਾਂ ਦੀਆਂ ਤਕਨੀਕੀ, ਮਾਰਕੀਟਿੰਗ ਅਤੇ ਲੋੜੀਂਦੇ ਸਾਜੋ-ਸਾਮਾਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ ਅਤੇ ਨਾਲ ਹੀ ਉਨ੍ਹਾਂ ਦੀ ਪੈਦਾਵਾਰ ਦਾ ਲਾਹੇਵੰਦ ਮੁੱਲ ਯਕੀਨੀ ਬਣਾਏਗਾ। ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਹੀ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨੂੰ ਮੂੰਗਫਲੀ ਦੀ ਸੰਭਾਲ ਬਾਰੇ ਵਿਸਤ੍ਰਿਤ ਖੋਜ ਕਰਨ ਲਈ ਸ਼ਾਮਲ ਕੀਤਾ ਹੈ, ਜੋ ਕਿ ਖੇਤਰ ਦੇ ਮੂੰਗਫਲੀ ਕਾਸ਼ਤਕਾਰਾਂ ਲਈ ਲਾਭਦਾਇਕ ਹੋਵੇਗਾ।

ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਜਸਪਾਲ ਸਿੰਘ ਢੇਰੀ ਅਤੇ ਪਰਮਜੀਤ ਸਿੰਘ ਕਾਲੂਵਾਹਰ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਸਿਟਰਸ ਅਸਟੇਟ ਮੂੰਗਫਲੀ ਕਾਸ਼ਤਕਾਰਾਂ ਕਿਸਾਨਾਂ ਨੂੰ ਗੁਣਵੱਤਾ ਵਾਲੇ ਬੀਜ ਅਤੇ ਸਮੇਂ-ਸਮੇਂ ‘ਤੇ ਤਕਨੀਕੀ ਸਹਾਇਤਾ ਦੇਵੇਗਾ ਤਾਂ ਜੋ ਇਸ ਰੇਤਲੀ ਮਿੱਟੀ ਵਾਲੇ ਖੇਤਰਾਂ ਵਿੱਚ ਸਭ ਤੋਂ ਵਧੀਆ ਮੂੰਗਫਲੀ ਦੀ ਕਾਸ਼ਤ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰੋਸੈਸਿੰਗ ਪਲਾਂਟ ਦੀ ਸਥਾਪਤੀ ਨਾਲ ਕਾਸ਼ਤਕਾਰਾਂ ਦੀ ਆਮਦਨ ਨੂੰ ਵਧਾਉਣ ਲਈ ਸਿਟਰਸ ਅਸਟੇਟ ਵਲੋਂ ਵੱਡੇ ਪੱਧਰ ‘ਤੇ ਮੰਡੀਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।  ਢੇਰੀ ਨੇ ਕਿਹਾ ਕਿ ਇਹ ਪ੍ਰੋਸੈਸਿੰਗ ਯੂਨਿਟ ਮੂੰਗਫਲੀ, ਫਲਾਂ, ਸਬਜ਼ੀਆਂ ਦੀ ਸਿੱਧੀ ਮੰਡੀਕਰਨ ਨੂੰ ਯਕੀਨੀ ਬਣਾਏਗਾ ਅਤੇ ਨਾਲ ਹੀ ਪਲਾਂਟ ‘ਤੇ ਰੋਸਟਿੰਗ ਅਤੇ ਕੋਟਿੰਗ ਦੀ ਸਹੂਲਤ ਤੋਂ ਇਲਾਵਾ ਕਿਸਾਨਾਂ ਦੀ ਪੈਦਾਵਾਰ ਨੂੰ ਸਿੱਧੇ ਤੌਰ ‘ਤੇ ਵੇਚਣ ਲਈ ਪ੍ਰਚੂਨ ਆਉਟਲੈਟ ਵੀ ਸਥਾਪਤ ਕਰੇਗਾ।

ਡਾ. ਅਰਬਿੰਦ ਸਿੰਘ ਧੂਤ ਨੇ ਕਿਹਾ ਕਿ ਪ੍ਰੋਸੈਸਿੰਗ ਯੂਨਿਟ ਮੂੰਗਫਲੀ ਦੇ ਕਾਸ਼ਤਯੋਗ ਰਕਬੇ ਨੂੰ ਵਧਾਉਣ ਵਿੱਚ ਵੀ ਮਦਦਗਾਰ ਹੋਵੇਗਾ ਜਿਹੜਾ ਕਿ ਇੱਕ ਦਹਾਕਾ 2015-16 ਵਿੱਚ 8000 ਏਕੜ ਦੇ ਕਰੀਬ ਸੀ ਅਤੇ ਇਸ ਵੇਲੇ 3000 ਏਕੜ ‘ਤੇ ਮੂੰਗਫਲੀ ਦੀ ਕਾਸ਼ਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੰਢੀ ਖੇਤਰ ਵਿੱਚ ਇਸ ਉਪਜ ਲਈ ਸਭ ਤੋਂ ਵਧੀਆ ਵਾਤਾਵਰਣ ਅਤੇ ਮਿੱਟੀ ਹੈ ਅਤੇ ਮੂੰਗਫਲੀ ਦੀ ਕਾਸ਼ਤ ਵਿੱਚ ਪਾਣੀ ਦੀ ਘੱਟ ਖਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਾਲ ਵਿੱਚ ਦੋ ਵਾਰ ਇਸ ਫਸਲ ਦਾ ਲਾਭ ਪ੍ਰਾਪਤ ਕਰ ਸਕਦੇ ਹਨ ਕਿਉਂਕਿ ਇੱਕ ਸੀਜ਼ਨ ਲਈ 120-130 ਦਿਨ ਲੱਗਦੇ ਹਨ। ਇਸ ਮੌਕੇ ਪ੍ਰਗਤੀਸ਼ੀਲ ਕਿਸਾਨ ਕੈਪਟਨ ਹਰਤੇਗ ਸਿੰਘ ਅਤੇ ਹਰਵਿੰਦਰ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *